ਪਟਿਆਲਾ : ਮੰਗਲਵਾਰ ਦੀ ਸਵੇਰ 15 ਸਾਲ ਦੀ ਮਹਿਫ਼ੂਜ਼ਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸੇ ਤਰ੍ਹਾਂ ਹੀ ਮਹਿਫੂਜ਼ਾ ਨੇ ਐਸਐਸਪੀ ਦੀ ਕੁਰਸੀ ‘ਤੇ ਬੈਠ ਕੇ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੀ ਬੱਚੀ ਨੂੰ ਦੇਖ ਕੇ ਪਿੰਡ ਇੰਦਰਪੁਰਾ ਦਾ ਰਹਿਣ ਵਾਲੇ ਮਹਿਫੂਜ਼ਾ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਅਸਲ ਵਿੱਚ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਸਕੂਲ ਫੇਰੀ ਦੌਰਾਨ ਮਹਿਫੂਜ਼ਾ ਨੇ ਆਈਏਐਸ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ‘ਤੇ ਮੁੱਖ ਮੰਤਰੀ ਨੇ ਡੀਸੀ ਤੇ ਐੱਸਐੱਸਪੀ ਨੂੰ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਲਈ ਇਕ ਦਿਨ ਉਨ੍ਹਾਂ ਦੀਆਂ ਕੁਰਸੀਆਂ ‘ਤੇ ਬਿਠਾ ਕੇ ਸਾਰੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਸੀ। ਇਸੇ ‘ਤੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਅਮਲ ਕੀਤਾ ਗਿਆ ਹੈ।
ਵਿਦਿਆਰਥਣ ਮਹਿਫੂਜ਼ਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਤੇ ਰਿਕਾਰਡ ਰੂਮ ਦਾ ਨਿਰੀਖਣ ਕੀਤਾ। ਇੰਦਰਪੁਰਾ ਦੇ ਵਸਨੀਕ ਵਿਦਿਆਰਥਣ ਦੇ ਪਿਤਾ ਮੱਖਣ ਖਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।