ਸ੍ਰੀ ਚਮਕੌਰ ਸਾਹਿਬ- ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਿਕ ਨਗਰੀ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ-ਬਾਬਾ ਜੁਝਾਰ ਸਿੰਘ, ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿਮੰਤ ਸਿੰਘ ਸਣੇ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਹੀਦੀ ਜੋੜ ਮੇਲਾ ਅੱਜ ਸਮਾਪਤ ਹੋ ਗਿਆ ਹੈ। ਸ਼ਹੀਦੀ ਜੋੜ ਮੇਲੇ ਦੀ ਸਮਾਪਤੀ ਮੌਕੇ ਅੱਜ 21 ਦਸੰਬਰ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਰਵਾਇਤਨ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਅਤੇ ਹੋਰ ਸਿੱਖ ਸੰਗਤ ਮੌਜੂਦ ਸਨ। ਇਹ ਨਗਰ ਕੀਰਤਨ ਗੁਰਦੁਆਰਾ ਗੜੀ ਸਾਹਿਬ ਤੋਂ ਆਰੰਭ ਹੋਇਆ ਅਤੇ ਸਥਾਨਕ ਸਾਰੇ ਗੁਰੂਦਵਾਰਾ ਸਾਹਿਬਾਂ ਕੋਲੋਂ ਲੰਘ ਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੁੰਦਾ ਹੈ।
ਤਿੰਨ ਦਿਨਾ ਦੌਰਾਨ ਜਿੱਥੇ ਕੀਰਤਨ ਦਰਬਾਰ ਦੌਰਾਨ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੁ ਲੜ ਲਾਇਆ ਅਤੇ ਅਖੀਰਲੇ ਦਿਨ ਅਨੇਕਾਂ ਪ੍ਰਾਣੀਆਂ ਨੂੰ ਅਮ੍ਰਿਤਪਾਨ ਕਰਵਾ ਕੇ ਸਿੱਖ ਸਜਾਇਆ ਗਿਆ। ਇਸ ਦੌਰਾਨ ਲੱਖਾਂ ਸੰਗਤਾਂ ਚਮਕੌਰ ਸਾਹਿਬ ਵਿਖੇ ਸਥਿਤ ਗੁਰਦੁਆਰੇ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਗੜ੍ਹੀਸਾਹਿਬ, ਸ੍ਰੀ ਦਮਦਮਾ ਸਾਹਿਬ ਸਣੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਸ੍ਰੀ ਰਣਜੀਤ ਗੜ੍ਹ ਸਾਹਿਬ, ਸ਼ਹੀਦ ਬੁਰਜ ਬਾਬਾ ਜੀਵਨ ਸਿੰਘ, ਸ੍ਰੀ ਅਮਰਗੜ੍ਹ ਸਾਹਿਬ ਅਤੇ ਸ੍ਰੀ ਬੂੰਗਾ ਸਾਹਿਬ ਵਿਖੇ ਨਤਮਸਤਕ ਹੋਈਆਂ। ਜ਼ਿਕਰਯੋਗ ਹੈ ਕੇ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜਾਦਿਆਂ ਦੀ ਯਾਦ ਵਿਚ ਇਹ ਸ਼ਹੀਦੀ ਜੋੜ ਮੇਲਾ ਭਰਨ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਭਰਦਾ ਹੈ।