ਟੋਲ ਪਲਾਜ਼ਾ ‘ਤੇ ਲਾਏ ਜਾਣ ਵਾਲੇ ਧਰਨੇ ਨੂੰ ਲੈ ਕੇ ਆਹਮੋ-ਸਾਹਮਣੇ ਕਿਸਾਨ ਤੇ ਕਰਮਚਾਰੀ

ਟਾਂਡਾ ਉੜਮੁੜ- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਡੀ. ਸੀ. ਦਫ਼ਤਰਾਂ ਅੱਗੇ ਮੋਰਚਾ ਖੋਲ ਕੇ ਬੈਠੀ ਕਿਸਾਨ ਜਥੇਬੰਦੀ ਵੱਲੋਂ 15 ਦਸੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਇਕ ਮਹੀਨੇ ਲਈ ਟੋਲ ਪਲਾਜ਼ੇ ਨੂੰ ਬੰਦ ਕਰਵਾ ਕੇ ਪੱਕਾ ਮੋਰਚਾ ਲਾਉਣ ਦੇ ਪ੍ਰੋਗਰਾਮ ਖ਼ਿਲਾਫ਼ ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਾਹਮਣੇ ਆਏ ਹਨ। ਜਿਸ ਨੂੰ ਲੈ ਕੇ ਅੱਜ ਸਵੇਰੇ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਟੋਲ ਕਰਮਚਾਰੀ ਵੱਡੀ ਗਿਣਤੀ ਵਿਚ ਟੋਲ ਤੇ ਇਕੱਤਰ ਹੋ ਗਏ ਹਨ। ਇਸ ਦੌਰਾਨ ਟਾਂਡਾ ਪੁਲਸ ਵੱਲੋਂ ਕਿਸੇ ਤਰਾਂ ਦੇ ਟਕਰਾਅ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਦੇ ਨਾਲ ਨਾਲ ਜ਼ਿਲ੍ਹੇ ਦੇ ਹੋਰਨਾਂ ਟੋਲ ਪਲਾਜਿਆਂ ‘ਤੇ 15 ਜਨਵਰੀ ਤੱਕ ਪੱਕੇ ਮੋਰਚੇ ਲਗਾ ਕੇ ਟੋਲ ਬੰਦ ਕਰਵਾਉਣ ਦੇ ਉਲੀਕੇ ਗਏ ਪ੍ਰੋਗਰਾਮ ਦਾ ਵਿਰੋਧ ਕਰਦਿਆਂ ਅੱਜ ਚੌਲਾਂਗ ਟੋਲ ਪਲਾਜ਼ਾ ਅਤੇ ਕਰਮਚਾਰੀਆਂ ਦੀ ਮੀਟਿੰਗ ਹੋਈ। ਜਿਸ ਵਿਚ ਕਰਮਚਾਰੀਆਂ ਨੇ ਆਪਣੇ ਰੋਜ਼ਗਾਰ ਦੀ ਦੁਹਾਈ ਦਿੰਦਿਆਂ ਕਿਸਾਨ ਜਥੇਬੰਦੀ ਨੂੰ ਪੁਨਰ ਵਿਚਾਰ ਕਰਨ ਦੀ ਅਪੀਲ ਕਰਦਿਆਂ ਟੋਲ ‘ਤੇ ਧਰਨਾ ਨਾ ਲਾਉਣ ਲਈ ਕਿਹਾ। ਇਸ ਮੌਕੇ ਟੋਲ ਕਰਮਚਾਰੀਆਂ ਦੇ ਆਗੂ ਹਰਵਿੰਦਰ ਪਾਲ ਸਿੰਘ ਸੋਨੂ ਨੇ ਆਖਿਆ ਕਿ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਹਮੇਸ਼ਾ ਖੜ੍ਹੇ ਹੋਏ ਹਨ ਅਤੇ ਦਿੱਲੀ ਕਿਸਾਨ ਅੰਦੋਲਨ ਵਿਚ ਵੀ ਸਾਥ ਦਿੱਤਾ ਹੈ ਪਰ ਕਿਸਾਨ ਜਥੇਬੰਦੀ ਵੱਲੋਂ ਟੋਲ ‘ਤੇ ਮੋਰਚਾ ਲਾਉਣ ਦਾ ਫ਼ੈਸਲਾ ਕਰਮਚਾਰੀ ਅਤੇ ਮਜ਼ਦੂਰ ਵਿਰੋਧੀ ਹੈ, ਜਿਸ ਦਾ ਉਹ ਜ਼ੋਰਦਾਰ ਵਿਰੋਧ ਕਰਨਗੇ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਲਗਭਗ 1 ਸਾਲ ਤੱਕ ਟੋਲ ਬੰਦ ਰਹਿਣ ਕਾਰਨ ਸੂਬੇ ਭਰ ਦੇ ਟੋਲਾਂ ‘ਤੇ ਕੰਮ ਕਰਦੇ ਲਗਭਗ 12 ਕਰਮਚਾਰੀਆਂ ਨੂੰ ਅੱਧੀ ਤਨਖਾਹ ਮਿਲਣ ਅਤੇ ਕਈਆਂ ਦੇ ਰੋਜ਼ਗਾਰ ਚਲੇ ਜਾਣ ਕਾਰਨ ਪਹਿਲਾ ਤੋਂ ਹੀ ਕਰਮਚਾਰੀ ਸੰਤਾਪ ਝੱਲ ਰਹੇ ਹਨ ਅਤੇ ਹੁਣ ਫਿਰ ਕਿਸਾਨਾਂ ਵੱਲੋਂ ਟੋਲ ਬੰਦ ਕੀਤੇ ਜਾਣ ਦੇ ਫਰਮਾਨ ਨਾਲ ਉਨ੍ਹਾਂ ਦੇ ਰੋਜ਼ਗਾਰ ਨੂੰ ਖਤਰਾ ਹੋ ਜਾਵੇਗਾ ਅਤੇ ਪਰਿਵਾਰ ਪਾਲਣੇ ਔਖੇ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ ਦੀ ਸਲਾਹ ਦਿੰਦੇ ਹੋਏ ਆਖਿਆ ਕਿ ਜੇਕਰ ਕਿਸਾਨ ਜਥੇਬੰਦੀ ਨੇ ਉਨ੍ਹਾਂ ਦੀ ਅਪੀਲ ਨਾ ਮੰਨੀ ਤਾਂ ਉਹ ਕਿਸਾਨ ਜਥੇਬੰਦੀ ਦਾ ਵਿਰੋਧ ਕਰਦੇ ਹੋਏ ਧਰਨਾ ਨਹੀਂ ਲੱਗਣ ਦੇਣਗੇ।

ਇਸ ਮੌਕੇ ਸੰਦੀਪ ਸਿੰਘ, ਐਮੀ ਬਾਜਵਾ, ਮਨਜਿੰਦਰ ਸਿੰਘ, ਜਸਪ੍ਰੀਤ ਸਿੰਘ, ਲਕਸ਼ਮਣ ਯਾਦਵ, ਕੁਲਦੀਪ ਸਿੰਘ, ਤੇਜਪਾਲ ਸਿੰਘ, ਪ੍ਰਿਤਪਾਲ ਸਿੰਘ, ਹਰਭਜਨ ਸਿੰਘ, ਸੁੱਖ ਟਾਂਡਾ, ਕਰਮਜੀਤ ਸਿੰਘ, ਪਲਵਿੰਦਰ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ, ਸੁਖਦੀਪ ਸਿੰਘ, ਸਨੀ ਸਿੰਘ, ਅਮਿਤ ਕੁਮਾਰ, ਸਰਬਜੀਤ ਸਿੰਘ ਦੇ ਨਾਲ-ਨਾਲ ਕਰਮਚਾਰੀਆਂ ਦੇ ਪਰਿਵਾਰਾਂ ਦੇ ਮੈਂਬਰ ਅਤੇ ਇਲਾਕੇ ਦੇ ਲੋਕ ਮੌਜੂਦ ਸਨ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਨੇ ਆਖਿਆ ਕਿ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਸੂਬਾਈ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟੋਲ ਪਲਾਜ਼ਿਆ ਤੇ ਪੱਕੇ ਮੋਰਚੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਕ ਮਹੀਨੇ ਲਈ ਕਿਸਾਨੀ ਮੰਗਾਂ ਦੀ ਪੈਰਵਾਈ ਲਈ ਟੋਲ ਬੰਦ ਕਰਵਾਏ ਜਾਣਗੇ | ਟੋਲ ਕਰਮਚਾਰੀਆਂ ਦੇ ਵਿਰੋਧ ਬਾਰੇ ਉਨ੍ਹਾਂ ਆਖਿਆ ਕਿ ਵਿਰੋਧ ਕਰਦੇ ਹੋਏ ਆਪਣਾ ਪੱਖ ਰੱਖਣਾ ਉਨ੍ਹਾਂ ਦਾ ਜਮਹੂਰੀ ਹੱਕ ਹੈ | ਪਰੰਤੂ ਉਹ ਆਪਣੇ ਉਲੀਕੇ ਪ੍ਰੋਗਰਾਮ ਮੁਤਾਬਕ ਚੱਲਣਗੇ।

Leave a Reply

Your email address will not be published. Required fields are marked *