ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮਿਲੇਗੀ ਲੋਕਾਂ ਨੂੰ ਵੱਡੀ ਰਾਹਤ

ਹੁਸ਼ਿਆਰਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਦੌਰੇ ‘ਤੇ ਪਹੁੰਚੇ। ਹੁਸ਼ਿਆਪੁਰ-ਟਾਂਡਾ ਰੋਡ ‘ਤੇ ਸਥਿਤ ਲਾਚੋਵਾਲ ਟੋਲ ਪਲਾਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੱਜ ਲਾਚੋਵਾਲ ਟੋਲ ਪਲਾਜ਼ਾ ਨੂੰ ਮੁੱਖ ਮੰਤਰੀ ਮਾਨ ਨੇ ਜਨਤਾ ਦੇ ਸਪੁਰਦ ਕਰ ਦਿੱਤਾ। ਇਸ ਟੋਲ ਪਲਾਜ਼ਾ ਦੀ 15 ਸਾਲ ਦੀ ਮਿਆਦ ਪੂਰੀ ਹੋ ਚੁੱਕੀ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਲਈ ਐਲਾਨ ਕੀਤਾ ਹੈ ਕਿ ਹਰ ਇਕ ਟੋਲ ਪਲਾਜ਼ਾ ਆਪਣੀ ਐਕਸਪਾਇਰੀ ਤਾਰੀਖ਼ ਲਿਖ ਕੇ ਟੋਲ ਪਲਾਜ਼ਾ ‘ਤੇ ਲਗਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਅਤੇ ਅਕਾਲੀਆਂ ਵੇਲੇ ਦੀ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਛੂਟ ਦਿੱਤੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਇਥੇ ਗੰਭੀਰ ਮੁੱਦੇ ‘ਤੇ ਗੱਲ ਕਰਨ ਆਏ ਹਨ।
ਉਨ੍ਹਾਂ ਕਿਹਾ ਕਿ ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਨੇ ਐਗਰੀਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਦੇ ਖ਼ਿਲਾਫ਼ ਨੋਟਿਸ ਕੱਢ ਕੇ ਐੱਫ਼. ਆਈ. ਆਰ. ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ 1 ਕਰੋੜ 94 ਲੱਖ ਦਾ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਟੋਲ ਪਲਾਜ਼ਿਆਂ ਦੀ ਵੀ ਵਾਰੀ ਆਵੇਗੀ, ਜਿਸ ਟੋਲ ਪਲਾਜ਼ਾ ਨੇ ਸ਼ਰਤਾਂ ਦੀ ਉਲੰਘਣਾ ਕੀਤਾ ਹੈ, ਉਸ ਦੀ ਲਿਸਟ ਸਾਡੇ ਕੋਲ ਹੈ। ਆਉਣ ਵਾਲੇ ਦਿਨਾਂ ਵਿਚ ਟੋਲ ਪਲਾਜ਼ਾ ਦੀਆਂ ਕੰਪਨੀਆਂ ਦੇ ਵੱਡੇ ਖ਼ੁਲਾਸੇ ਹੋਣਗੇ। ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਵੱਲੋਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਲੋਕਾਂ ਦੇ ਪੈਸੇ ਦੀ ਗਲਤ ਵਰਤੋਂ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ ਲਾਚੋਵਾਲ ਟੋਲ ਪਲਾਜ਼ਾ ਜਨਤਾ ਲਈ ਫਰੀ ਕਰ ਦਿੱਤਾ ਗਿਆ ਹੈ। ਇਹ ਟੋਲ ਪਲਾਜ਼ਾ ਹੁਣ ਜਨਤਾ ਦੇ ਸਪੁਰਦ ਹੈ।

ਉਥੇ ਹੀ ਪੰਜਾਬ ਕੈਡਰ ਦੇ ਆਈ. ਪੀ. ਐੱਸ. ਅਤੇ ਚੰਡੀਗੜ੍ਹ ਦੇ ਸਾਬਕਾ ਐੱਸ. ਐੱਸ. ਪੀ.ਕੁਲਦੀਪ ਸਿੰਘ ਚਹਿਲ ਨੂੰ ਕੈਡਰ ਵਿਚ ਵਾਪਸ ਭੇਜਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦੇ ਹੋਏ ਕਿਹਾ ਕਿ ਰਾਦਜਪਾਲ ਨਾਲ ਸਾਡੇ ਸੰਬੰਧ ਠੀਕ ਹਨ। ਪੰਜਾਬ ਕੈਡਰ ਦਾ ਐੱਸ. ਐੱਸ. ਪੀ. ਦੋਬਾਰਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੰਡੀਗੜ੍ਹ ਐੱਸ.ਐੱਸ.ਪੀ. ਨਿਯੁਕਤੀ ਨੂੰ ਲੈ ਕੇ ਰਾਜਪਾਲ ਨੂੰ ਪੈਨਲ ਭੇਜ ਦਿੱਤਾ ਗਿਆ ਹੈ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੜਕਾਂ ਟੋਲ ਮੁਕਤ ਕਰਵਾਉਣ ਦਾ ਚੋਣ ਵਾਅਦਾ ਕੀਤਾ ਸੀ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਇਸ ਟੋਲ ਪਲਾਜ਼ਾ ‘ਤੇ ਟੋਲ ਕੋਲੈਕਟ ਕਰ ਰਹੀ ਕੰਪਨੀ ਨੂੰ ਹੋਰ ਮਿਆਦ ਨਹੀਂ ਦਿੱਤੀ ਅਤੇ ਟੋਲ ਪਲਾਜ਼ਾ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਸੀ. ਐੱਮ. ਮਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਨਾਲ ਟੋਲ ਪਹੁੰਚੇ ਅਤੇ ਹੋਰ ਸੜਕਾਂ ‘ਤੇ ਟੋਲ ਪਲਾਜ਼ਿਆਂ ਲਈ ਇਹ ਹੁਕਮ ਜਾਰੀ ਕਿ ਸੂਬੇ ਦੇ ਸਾਰੇ ਟੋਲ ਪਲਾਜ਼ਾ ਆਪਣੀ ਐਕਸਾਪਇਰੀ ਤਾਰੀਖ਼ ਨਾਲ ਲਿਖ ਕੇ ਲਗਾਉਣ। ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਨੂੰ ਲੈ ਕੇ ਲਾਚੋਵਾਲ ਟੋਲ ਪਲਾਜ਼ਾ ‘ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

Leave a Reply

Your email address will not be published. Required fields are marked *