ਨਵੀਂ ਦਿੱਲੀ- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਹੋਈ ਝੜਪ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਅੱਜ ਬਿਆਨ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਵੀਰ ਜਵਾਨ ਸਰਹੱਦ ’ਤੇ ਪੂਰੀ ਤਰ੍ਹਾਂ ਮੁਸਤੈਦ ਹਨ। ਚੀਨ ਦੇ ਫ਼ੌਜੀਆਂ ਨੇ 9 ਦਸੰਬਰ ਨੂੰ ਤਵਾਂਗ ਸੈਕਟਰ ’ਚ ਯਾਂਗਤਸੇ ਖੇਤਰ ’ਚ ਸਥਿਤੀ ਬਦਲਣ ਦੀ ਇਕ ਪਾਸੜ ਕੋਸ਼ਿਸ਼ ਕੀਤੀ, ਜਿਸ ਦਾ ਭਾਰਤ ਦੇ ਜਵਾਨਾਂ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ।
ਰਾਜਨਾਥ ਸਿੰਘ ਨੇ ਕਿਹਾ ਕਿ ਚੀਨੀ ਪੱਖ ਦੀ ਇਸ ਕੋਸ਼ਿਸ਼ ਦਾ ਭਾਰਤੀ ਫ਼ੌਜੀਆਂ ਨੇ ਸਾਹਸ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਸਾਡੇ ਖੇਤਰ ’ਚ ਹਮਲਾ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਚੌਕੀ ’ਤੇ ਵਾਪਸ ਪਰਤਣ ਲਈ ਮਜਬੂਰ ਕੀਤਾ। ਸਿੰਘ ਨੇ ਕਿਹਾ ਕਿ ਇਸ ਝੜਪ ’ਚ ਹੱਥੋਪਾਈ ਵੀ ਹੋਈ ਅਤੇ ਦੋਹਾਂ ਪਾਸਿਓਂ ਕੁਝ ਫ਼ੌਜੀਆਂ ਨੂੰ ਸੱਟਾਂ ’ਚ ਲੱਗੀਆਂ ਹਨ।
ਰੱਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਸਦਨ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੇ ਕਿਸੇ ਵੀ ਫ਼ੌਜੀ ਦੀ ਮੌਤ ਨਹੀਂ ਹੋਈ ਅਤੇ ਨਾ ਹੀ ਕੋਈ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ 11 ਦਸੰਬਰ ਨੂੰ ਫਲੈਗ ਮੀਟਿੰਗ ਕੀਤੀ ਗਈ ਅਤੇ ਇਸ ਵਿਸ਼ੇ ’ਤੇ ਚਰਚਾ ਕੀਤੀ ਗਈ। ਚੀਨੀ ਪੱਖ ਤੋਂ ਇਸ ਤਰ੍ਹਾਂ ਦੀ ਘਟਨਾ ਲਈ ਮਨਾ ਕੀਤਾ ਗਿਆ ਅਤੇ ਕੂਟਨੀਤਕ ਪੱਧਰ ’ਤੇ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ। ਰਾਜਨਾਥ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਸੰਸਦ ਜਵਾਨਾਂ ਦੇ ਸਾਹਸ, ਵੀਰਤਾ ਅਤੇ ਵਚਨਬੱਧਤਾ ਦਾ ਇਕ ਸੁਰ ਨਾਲ ਸਮਰਥਨ ਕਰੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤੀ ਅਤੇ ਚੀਨੀ ਫ਼ੌਜੀਆਂ ਦੀ ਤਵਾਂਗ ਸੈਕਟਰ ’ਚ ਅਸਲ ਕੰਟਰੋਲ ਰੇਖਾ (LAC) ਦੇ ਨੇੜੇ ਇਕ ਸਥਾਨ ’ਤੇ 9 ਦਸੰਬਰ ਨੂੰ ਝੜਪ ਹੋਈ, ਜਿਸ ’ਚ ਦੋਹਾਂ ਪੱਖਾਂ ਦੇ ਕੁਝ ਜਵਾਨ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਏ। ਪੂਰਬੀ ਲੱਦਾਖ ’ਚ ਦੋਹਾਂ ਪੱਖਾਂ ਵਿਚਾਲੇ 30 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਸਰਹੱਦੀ ਵਿਵਾਦ ਦਰਮਿਆਨ ਪਿਛਲੇ ਸ਼ੁੱਕਰਵਾਰ ਨੂੰ ਸੰਵੇਦਨਸ਼ੀਲ ਸੈਕਟਰ ’ਚ ਅਸਲ ਕੰਟਰੋਲ ਰੇਖਾ (LAC) ’ਤੇ ਯਾਂਗਤਸੇ ਇਲਾਕੇ ’ਚ ਝੜਪ ਹੋਈ।