ਸੰਸਦ ਹਮਲੇ ਦੀ 21ਵੀਂ ਬਰਸੀ, PM ਮੋਦੀ ਸਮੇਤ ਦਿੱਗਜ਼ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- 13 ਦਸਬੰਰ, 2001 ਅੱਜ ਦੇ ਹੀ ਦਿਨ ਵਾਂਗ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਅਚਾਨਕ ਕੰਪਲੈਕਸ ’ਚ ਗੋਲੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਤੱਕ ਕੋਈ ਕੁਝ ਸਮਝ ਸਕਦਾ, ਉਦੋਂ ਤੱਕ ਪੂਰੇ ਸੰਸਦ ’ਚ ਹਫੜਾ-ਦਫੜੀ ਮਚ ਗਈ ਸੀ।
ਦਰਅਸਲ ਅੱਜ ਦੇ ਹੀ ਦਿਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੰਸਦ ’ਤੇ ਹਮਲਾ ਕਰ ਦਿੱਤਾ ਸੀ। 5 ਅੱਤਵਾਦੀ ਸੰਸਦ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਕੰਪਲੈਕਸ ’ਚ ਦਾਖ਼ਲ ਹੋ ਗਏ। ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਦਿੱਲੀ ਪੁਲਸ ਦੇ 5 ਜਵਾਨ, ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਇਕ ਮਹਿਲਾ ਕਰਮੀ ਅਤੇ ਸੰਸਦ ਦੇ ਦੋ ਕਰਮੀ ਸ਼ਹੀਦ ਹੋਏ ਸਨ। ਇਸ ਅੱਤਵਾਦੀ ਹਮਲੇ ’ਚ ਸੰਸਦ ’ਚ ਮੌਜੂਦ ਇਕ ਕੈਮਰਾਮੈਨ ਦੀ ਵੀ ਮੌਤ ਹੋ ਗਈ।

ਜਿਸ ਸਮੇਂ ਇਹ ਹਮਲਾ ਹੋਇਆ, ਸੰਸਦ ਭਵਨ ’ਚ 100 ਸੰਸਦ ਮੈਂਬਰ ਮੌਜੂਦ ਸਨ ਪਰ ਬਹਾਦਰ ਫ਼ੌਜੀਆਂ ਦੀ ਬਦੌਲਤ ਉਨ੍ਹਾਂ ਨੂੰ ਖਰੋਂਚ ਤੱਕ ਨਹੀਂ ਆਈ। ਕੁੱਲ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਹਮਲੇ ਦੇ ਸੂਤਰਧਾਰ ਅਫ਼ਜਲ ਗੁਰੂ ਨੂੰ 2013 ’ਚ ਫਾਂਸੀ ’ਤੇ ਲਟਕਾ ਦਿੱਤਾ ਗਿਆ।
ਸੰਸਦ ਕੰਪਲੈਕਸ ’ਤੇ ਹੋਏ ਹਮਲੇ ਨੂੰ ਪੂਰੇ 21 ਸਾਲ ਹੋ ਗਏ ਹਨ। ਅਜਿਹੇ ਵਿਚ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਮੇਤ ਤਮਾਮ ਵੱਡੇ ਨੇਤਾਵਾਂ ਨੇ ਦੇਸ਼ ਦੀ ਸੁਰੱਖਿਆ ’ਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ।

Leave a Reply

Your email address will not be published. Required fields are marked *