ਪੰਜਾਬ ਵਿੱਚ ਡਰ ਦਾ ਮਾਹੌਲ: ਵੜਿੰਗ


ਪੰਜਾਬ ਤੋਂ ਪਰਵਾਸ ਕਰ ਰਹੇ ਲੋਕ
ਹਿਮਾਚਲ, ਗੁਜਰਾਤ ਨੇ ਕੇਜਰੀਵਾਲ ਦੇ ਮਾਡਲ ਨੂੰ ਨਕਾਰਿਆ
ਜਲੰਧਰ ਵਿੱਚ ਮਕਾਨਾਂ ਨੂੰ ਢਾਹੇ ਜਾਣ ਦੀ ਨਿਖੇਧੀ ਕੀਤੀ

ਚੰਡੀਗੜ੍ਹ – ਸੂਬੇ ਵਿੱਚ ਗੈਂਗਸਟਰਾਂ ਵੱਲੋਂ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ।


ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਪੀੜਤਾਂ ਵੱਲੋਂ ਫਿਰੌਤੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਗੈਂਗਸਟਰਾਂ ਦੁਆਰਾ ਕੀਤੇ ਗਏ ਕਈ ਕਤਲਾਂ ਦਾ ਜ਼ਿਕਰ ਕੀਤਾ। ਅਜਿਹਾ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ, ਜਿੱਥੇ ਹੁਣ ਗੈਂਗਸਟਰਾਂ ਨੇ ਆਪਣਾ ਟਿਕਾਣਾ ਬਣਾ ਲਿਆ ਹੈ।


ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇੰਨਾ ਡਰ ਹੈ ਕਿ ਉਹ ਸੂਬੇ ਸਮੇਤ ਦੇਸ਼ ਛੱਡ ਕੇ ਜਾਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਨਵੇਂ ਪਾਸਪੋਰਟ ਅਤੇ ਰਿਨਿਯੁ ਲਈ ਸਭ ਤੋਂ ਵੱਧ ਦਰਖਾਸਤਾਂ ਪੰਜਾਬ ਤੋਂ ਆਉਂਦੀਆਂ ਹਨ ਅਤੇ ਇੱਥੋਂ ਦੇ ਹਾਲਾਤਾਂ ਕਾਰਨ ਲੋਕ ਸੂਬਾ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।


ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਆਪਣੀਆਂ ਤਰਜੀਹਾਂ ਤੈਅ ਕਰਨ ‘ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਦੇ ਵਸੀਲਿਆਂ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਬਾਦ ਕੀਤਾ। ਇਸਦੇ ਬਾਵਜੂਦ ਦੋਵਾਂ ਸੂਬਿਆਂ ਵਿੱਚ ਉਸ ਨੂੰ ਨਕਾਰ ਦਿੱਤਾ ਗਿਆ। ‘ਆਪ’ ਲੀਡਰਸ਼ਿਪ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਪੁੱਛਿਆ ਕਿ ਹਿਮਾਚਲ ਅਤੇ ਗੁਜਰਾਤ ‘ਚ ‘ਆਪ’ ਦੇ ਦਿੱਲੀ ਅਤੇ ਪੰਜਾਬ ਮਾਡਲ ਦਾ ਕੀ ਬਣਿਆ?


ਉਨ੍ਹਾਂ ਗੁਜਰਾਤ ਚੋਣਾਂ ਲਈ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਕੀਤੇ ਗਏ ਭਾਰੀ ਖਰਚੇ ਦਾ ਵੇਰਵਾ ਦਿੱਤਾ। ਇਸਦੇ ਬਾਵਜੂਦ ਇਨ੍ਹਾਂ ਨੂੰ ਉੱਥੇ ਨਕਾਰ ਦਿੱਤਾ ਗਿਆ, ਕਿਉਂਕਿ ਲੋਕਾਂ ਨੇ ਇਨ੍ਹਾਂ ਦੇ ਝੂਠ ‘ਤੇ ਵਿਸ਼ਵਾਸ ਨਹੀਂ ਕੀਤਾ। ਆਪ ਦਾ ਮਾਡਲ ਨੂੰ ਹਰ ਥਾਂ ਨਕਾਰ ਦਿੱਤਾ ਗਿਆ ਹੈ।


ਉਨ੍ਹਾਂ ਆਪਣੇ ਦੋਸ਼ਾਂ ਨੂੰ ਦੁਹਰਾਇਆ ਕਿ ‘ਆਪ’ ਅਤੇ ਅਰਵਿੰਦ ਕੇਜਰੀਵਾਲ ਭਾਜਪਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਜਾਣਬੁੱਝ ਕੇ ਸਰਕਾਰ ਵਿਰੋਧੀ ਵੋਟਾਂ ਨੂੰ ਵੰਡਣ ਦਾ ਕੰਮ ਕੀਤਾ ਹੈ। ਜਦਕਿ ਹਿਮਾਚਲ ‘ਚ ‘ਆਪ’ ਨਜ਼ਰ ਨਹੀਂ ਆਈ ਅਤੇ ਸੂਬੇ ‘ਚ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਇਆ।


ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਕਾਂਗਰਸ ਲਈ ਇੱਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਇਹ ਦੌਰ ਜਾਰੀ ਰਹੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਜਲੰਧਰ ਵਿੱਚ ਮਕਾਨ ਮਾਲਕਾਂ ਨੂੰ ਬਿਨਾਂ ਨੋਟਿਸ ਦਿੱਤੇ ਰਿਹਾਇਸ਼ੀ ਇਮਾਰਤਾਂ ਨੂੰ ਢਾਹੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤੀ ਹਦਾਇਤਾਂ ਸਨ, ਤਾਂ ਸਰਕਾਰ ਲੋਕਾਂ ਨੂੰ ਬੇਘਰ ਕਰਨ ਦੀ ਬਜਾਏ ਉਨ੍ਹਾਂ ਮਕਾਨਾਂ ਦੇ ਕਾਬਜ਼ਕਾਰਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਸਕਦੀ ਸੀ।


ਛੋਟੇ ਦੁਕਾਨਦਾਰਾਂ ‘ਤੇ ਜੀਐਸਟੀ ਦੇ ਛਾਪਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਗੁਜਰਾਤ ਵਿੱਚ ਇਸ਼ਤਿਹਾਰਾਂ ਅਤੇ ਚਾਰਟਰਡ ਉਡਾਣਾਂ ‘ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਸੀ, ਦੂਜੇ ਪਾਸੇ ਜੀਐਸਟੀ ਦੇ ਛਾਪਿਆਂ ਨਾਲ ਛੋਟੇ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜੋ ਅੱਜ ਤੱਕ ਪੰਜਾਬ ਵਿੱਚ ਕਦੇ ਨਹੀਂ ਹੋਇਆ ਸੀ।

Leave a Reply

Your email address will not be published. Required fields are marked *