ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਥੁਰਲ ਖੇਤਰ ’ਚ ਐਤਵਾਰ ਦੇਰ ਸ਼ਾਮ ਇਕ ਪ੍ਰਾਈਵੇਟ ਬੱਸ ਦੇ ਪਲਟਣ ਜਾਣ ਨਾਲ 21 ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 10 ਦੀ ਹਾਲਤ ਗੰਭੀਰ ਹੈ। ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਟਾਂਡਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਥੁਰਲ ਤੋਂ 3 ਕਿਲੋਮੀਟਰ ਦੂਰ ਪਾਲਮਪੁਰ-ਸੁਜਾਨਪੁਰ ਸੜਕ ’ਤੇ ਪ੍ਰਾਈਵੇਟ ਬੱਸ ਪਲਟ ਗਈ।
ਬੱਸ ਨਾਲੇ ’ਤੇ ਬਣੀ ਪੁਲੀਆ ਨਾਲ ਟਕਰਾ ਗਈ ਅਤੇ ਸੜਕ ’ਤੇ ਪਲਟ ਗਈ। ਹਾਦਸੇ ਦੇ ਸਮੇਂ ਬੱਸ ’ਚ ਡਰਾਈਵਰ-ਕੰਡਕਟਰ ਸਮੇਤ 21 ਲੋਕ ਸਵਾਰ ਸਨ। ਚਸ਼ਮਦੀਦਾਂ ਮੁਤਾਬਕ ਹਾਦਸੇ ਦੇ ਸਮੇਂ ਬੱਸ ’ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਘਟਨਾ ਵਾਲੀ ਥਾਂ ’ਤੇ ਇਕੱਠੇ ਹੋਏ ਅਤੇ ਬਚਾਅ ਕੰਮ ਸ਼ੁਰੂ ਕੀਤਾ।
ਲੋਕਾਂ ਨੇ ਹਾਦਸੇ ਦੀ ਸੂਚਨਾ ਥੁਰਲ ਪੁਲਸ ਚੌਕੀ ’ਚ ਵੀ ਦਿੱਤੀ। ਪਹਿਲਾਂ ਬੱਸ ਡਰਾਈਵਰ ਅਤੇ ਕੁਝ ਜ਼ਖਮੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ ਗਿਆ ਅਤੇ ਪ੍ਰਾਈਵੇਟ ਗੱਡੀਆਂ ਜ਼ਰੀਏ ਥੁਰਲ ਹਸਪਤਾਲ ਪਹੁੰਚਾਇਆ। 5 ਜ਼ਖ਼ਮੀਆਂ ਨੂੰ ਸੁਜਾਨਪੁਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਬੱਸ ਦੇ ਡਰਾਈਵਰ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।