ਨਵੀਂ ਦਿੱਲੀ, 5 ਦਸੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਵਿੱਚ ਉਪਰ ਤੋਂ ਹੇਠਾਂ ਤੱਕ ਜਥੇਬੰਦਕ ਜਵਾਬਦੇਹੀ ਨਿਰਧਾਰਿਤ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਆਗੂਆਂ ਨੂੰ ਆਪਣੇ ਸਾਥੀਆਂ ਲਈ ਰਾਹ ਪੱਧਰਾ ਕਰਨਾ ਹੋਵੇਗਾ। ਖੜਗੇ ਆਪਣੇ ਵੱਲੋਂ ਗਠਿਤ ਕਾਂਗਰਸ ਸੰਚਾਲਨ ਕਮੇਟੀ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇੇ ਸਨ। ਉਨ੍ਹਾਂ ਪਾਰਟੀ ਦੇ ਸੂਬਾਈ ਇੰਚਾਰਜਾਂ ਨੂੰ ਕਿਹਾ ਕਿ ਉਹ ਇਕ ਤੋਂ ਤਿੰਨ ਮਹੀਨੇ (30 ਤੋਂ 90 ਦਿਨਾਂ) ਦੇ ਅਰਸੇ ਲਈ ਲੋਕ ਮੁੱਦਿਆਂ ਬਾਰੇ ਵੱਡੇ ਅੰਦੋਲਨ ਸ਼ੁਰੂ ਕਰਨ ਨੂੰ ਲੈ ਕੇ ਖਰੜਾ ਜਮ੍ਹਾਂ ਕਰਵਾਉਣ। ਖੜਗੇ ਨੇ ਸੱਦਾ ਦਿੱਤਾ ਕਿ ਸਾਲ 2024 ਤੋਂ ਪਹਿਲਾਂ ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹਨ, ਉਨ੍ਹਾਂ ਲਈ ਤਜਵੀਜ਼ਤ ਯੋਜਨਾਵਾਂ ਤਿਆਰ ਰੱਖਣ। ਮੀਟਿੰਗ ਵਿੱਚ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ, ਜਨਰਲ ਸਕੱਤਰ ਇੰਚਾਰਜ ਕੇ.ਸੀ.ਵੇਣੂਗੋਪਾਲ, ਸੀਨੀਅਰ ਆਗੂ ਪੀ.ਚਿਦੰਬਰਮ, ਆਨੰਦ ਸ਼ਰਮਾ, ਮੀਰਾ ਕੁਮਾਰ ਤੇ ਅੰਬਿਕਾ ਸੋਨੀ ਵੀ ਮੌਜੂਦ ਸਨ।
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਪਾਰਟੀ ਤੇ ਦੇਸ਼ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਵੱਡਾ ਹਿੱਸਾ- ਸਿਖਰ ਤੋਂ ਲੈ ਕੇ ਹੇਠਾਂ ਤੱਕ ਜਵਾਬਦੇਹੀ ਨਿਰਧਾਰਿਤ ਕਰਨਾ ਹੈ। ਕਾਂਗਰਸ ਜਥੇਬੰਦੀ ਜੇਕਰ ਮਜ਼ਬੂਤ ਤੇ ਜਵਾਬਦੇਹ ਹੈ, ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੀ ਉੱਤਰਦੀ ਹੈ, ਤਾਂ ਹੀ ਅਸੀਂ ਚੋਣਾਂ ਜਿੱਤਣ ਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਸਮਰੱਥ ਹੋਵਾਂਗੇ।’’