ਚੰਡੀਗੜ੍ਹ,30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਇਕ ਪੱਤਰ ਉਹਨਾਂ ਵੱਲੋਂ ਧਰਮ ਤੇ ਰਾਜਨੀਤੀ ਨੂੰ ਵੱਖੋ-ਵੱਖ ਕਰਨ ਦੇ ਮਾਮਲੇ ’ਤੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੁਜਰਾਤ ਸਥਿਤ ਸੋਮਨਾਥ ਮੰਦਿਰ ਦੇ ਟਰੱਸਟ ਦੇ ਚੇਅਰਮੈਨ ਹਨ, ਇਸ ਬਾਰੇ ਉਹਨਾਂ ਦੀ ਕੀ ਰਾਇ ਹੈ।
ਇਸੇ ਪੱਤਰ ਵਿਚ ਉਹਨਾਂ ਨੇ ਸ੍ਰੀ ਲਾਲਪੁਰਾ ਨੂੰ ਪੁੱਛਿਆ ਹੈ ਕਿ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਿਰ ਦੀ ਦੇਖ ਰੇਖ ਸਿਆਸੀ ਲੋਕ ਅਤੇ ਅਫਸਰਸ਼ਾਹੀ ਕਰ ਰਹੀ ਹੈ, ਇਸ ਬਾਰੇ ਉਹਨਾਂ ਦੀ ਕੀ ਰਾਇ ਹੈ।
ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਲਾਲਪੁਰਾ ਦੀ ਇੰਟਰਵਿਊ ਵੇਖੀਆਂ ਹਨ ਜਿਸ ਵਿਚ ਉਹਨਾਂ ਧਰਮ ਤੇ ਰਾਜਨੀਤੀ ਦਾ ਨਿਖੇੜਾ ਕਰਨ ਦੀ ਵਕਾਲਤ ਕੀਤੀ ਹੈ ਜਦੋਂ ਕਿ ਸਿੱਖ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ। ਉਹਨਾਂ ਲਾਲਪੁਰਾ ਨੂੰ ਸਵਾਲ ਕੀਤਾ ਕਿ ਕੀ ਉਹ ਮੀਰੀ ਪੀਰੀ ਦੇ ਸਿਧਾਂਤ ਵਿਚ ਵਿਸ਼ਵਾਸ ਨਹੀਂ ਕਰਦੇ ?
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੁੰ ਹੋਂਦ ਵਿਚ ਆਈ ਸੀ ਤੇ ਉਸਦੀ ਸਿਆਸੀ ਵਾੜ ਲਈ 14 ਦਸੰਬਰ 1920 ਨੁੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਸੀ। ਉਹਨਾਂ ਕਿਹਾ ਕਿ ਜੋ ਲੋਕ ਧਰਮ ਅਤੇ ਰਾਜਨੀਤੀ ਨੂੰ ਵੱਖ ਕਰ ਕੇ ਵੇਖਣਾ ਚਾਹੁੰਦੇ ਹਨ, ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਚ ਦੀਵਾਰ ਖੜ੍ਹੀ ਕਰਨ ਦੀ ਕੋਸ਼ਿਸ਼ ਵਿਚ ਹਨ ਜੋ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ।
ਉਹਨਾਂ ਕਿਹਾ ਕਿ ਸ੍ਰੀ ਲਾਲਪੁਰਾ ਇਹ ਭੁੱਲ ਰਹੇ ਹਨ ਕਿ ਗੁਜਰਾਤ ਸਥਿਤ ਸੋਮਨਾਥ ਮੰਦਿਰ ਦੇ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ ਅਤੇ ਇਸੇ ਟਰੱਸਟ ਵਿਚ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਹੋਰ ਨਾਮਵਰ ਸ਼ਖਸੀਅਤਾਂ ਟਰੱਸਟੀ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ੍ਰੀ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਘੱਟ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਉਹਨਾਂ ਦੀ ਰਾਖੀ ਕਰਨ ਦੀ ਥਾਂ ਉਹਨਾਂ ਨੂੰ ਢਾਹ ਲਗਾ ਰਹੇ ਹਨ।
ਉਹਨਾਂ ਆਸ ਪ੍ਰਗਟ ਕੀਤੀ ਕਿ ਸ੍ਰੀ ਲਾਲਪੁਰਾ ਸਿੱਖ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਢਾਹ ਲਾਉਣ ਵਾਲੇ ਹਥੋੜੇ ਦਾ ਦਸਤਾ ਨਹੀਂ ਬਣਨਗੇ ਅਤੇ ਮਿਲੀ ਹੋਈ ਸੇਵਾ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਲਗਾਉਣਗੇ।