ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ

meera bhai/nawanpunjab.com

ਨਵੀਂ ਦਿੱਲੀ, 24 ਜੁਲਾਈ (ਨਵਦੀਪ ਸਿੰਘ ਗਿੱਲ)-ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ। ਚਾਨੂ ਨੇ ਟੋਕੀਓ ਵਿਖੇ ਵੇਟਲਿਫਟਿੰਗ ਦੇ ਮਹਿਲਾ ਵਰਗ ਵਿੱਚ 49 ਕਿੱਲੋ ਭਾਰ ਗਰੁੱਪ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ। ਚਾਨੂ ਨੇ ਸਨੈਚ ਵਿੱਚ 87 ਕਿੱਲੋ ਭਾਰ ਚੁੱਕ ਕੇ ਦੂਜੀ ਪੁਜ਼ੀਸ਼ਨ ਬਣਾਈ ਸੀ। ਕਲੀਨ ਜਰਕ ਵਿੱਚ ਚਾਨੂ ਨੇ 115 ਕਿਲੋ ਭਾਰ ਚੁੱਕਿਆ।
ਓਲੰਪਿਕ ਇਤਿਹਾਸ ਵਿੱਚ ਚਾਨੂ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਜਿਸ ਨੇ ਮੈਡਲ ਜਿੱਤਿਆ। ਇਸ ਤੋਂ ਪਹਿਲਾ ਕਰਨਮ ਮਲੇਸ਼ਵਰੀ ਨੇ 2000 ਸਿਡਨੀ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।ਚਾਨੂ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਈ।ਓਲੰਪਿਕਸ ਇਤਿਹਾਸ ਵਿੱਚ ਇਹ ਭਾਰਤ ਵੱਲੋਂ ਜਿੱਤਿਆ 27ਵਾਂ ਮੈਡਲ ਹੈ ਜਦੋਂਕਿ ਛੇਵਾਂ ਸਿਲਵਰ ਮੈਡਲ ਹੈ।

ਮਨੀਪੁਰ ਦੀ ਸਾਈਖੋਮ ਮੀਰਾਬਾਈ ਚਾਨੂ ਪਿਛਲੀਆਂ ਰੀਓ ਓਲੰਪਿਕਸ-2016 ਵਿੱਚ ਸਨੈਚ ਵਿੱਚ ਛੇਵੇਂ ਸਥਾਨ ਉਤੇ ਚੱਲ ਰਹੀ ਸੀ ਪਰ ਕਲ਼ੀਨ ਜਰਕ ਵਿੱਚ ਕੋਈ ਵੀ ਲਿਫ਼ਟ ਨਾ ਚੁੱਕਣ ਕਾਰਨ ਆਪਣਾ ਈਵੈਂਟ ਨਹੀਂ ਪੂਰਾ ਕਰ ਸਕੀ ਸੀ। ਚਾਨੂ ਨੇ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ। 2018 ਗੋਲ਼ਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਗੋਲ਼ਡ ਤੇ 2014 ਗਲ਼ਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਹੁਣ ਤੱਕ ਚਾਨੂ ਚੌਥੇ ਸਰਵਉਚ ਨਾਗਰਿਕ ਸਨਮਾਨ ਪਦਮ ਸ੍ਰੀ ਅਤੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਹੋਈ ਹੈ।

Leave a Reply

Your email address will not be published. Required fields are marked *