ਜਲੰਧਰ- – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਜਰਾਤ ’ਚ ਨਵਾਂ ਇਤਿਹਾਸ ਲਿਖਣ ਲਈ ਕੁਝ ਹੀ ਦਿਨ ਬਾਕੀ ਹਨ। ਮੁੱਖ ਮੰਤਰੀ ਨੇ ਗੁਜਰਾਤ ’ਚ ਬੀਤੇ ਦਿਨ ਗੁਜਰਾਤ ਦੇ ਕਰਜ਼ਨ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਲੋਕਾਂ ਨੂੰ ਰਾਹਤ ਦੇਣ ’ਚ ਨਾਕਾਮ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ’ਚ ਵੋਟਾਂ ਪੈਣ ’ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੀ ਸਥਿਤੀ ’ਚ ਹੁਣ ਗੁਜਰਾਤ ਬਦਲਾਅ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਬਦਲਾਅ ਦੇਖਣ ਨੂੰ ਮਿਲਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਗੁਜਰਾਤ ’ਚ 27 ਸਾਲਾਂ ਤੋਂ ਸੱਤਾ ’ਚ ਹੈ। ਭਾਜਪਾ ਲੋਕਾਂ ਲਈ ਕੁਝ ਵੀ ਸੁਧਾਰ ਨਹੀਂ ਸਕੀ। ਲੋਕਾਂ ’ਚ ਭਾਜਪਾ ਨੂੰ ਲੈ ਕੇ ਨਿਰਾਸ਼ਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ’ਚ ਜਿਸ ਤਰ੍ਹਾਂ ਲੱਖਾਂ ਦੀ ਗਿਣਤੀ ’ਚ ਲੋਕ ਸ਼ਾਮਲ ਹੋ ਰਹੇ ਹਨ, ਉਸ ਨੂੰ ਵੇਖ ਕੇ ਗੁਜਰਾਤ ਦੇ ਲੋਕਾਂ ਦੇ ਮੂਡ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਸੂਬੇ ’ਚ ਬਦਲਾਅ ਨਜ਼ਰ ਆਵੇਗਾ ਕਿਉਂਕਿ ਲੋਕ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਉਭਰ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਲੋਕ ਹਰ ਸੂਬੇ ’ਚ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸਾਡੀ ਯਾਤਰਾ ਦਾ ਹਿੱਸਾ ਬਣਨ ਲਈ ਘਰਾਂ ਤੋਂ ਬਾਹਰ ਆ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਹਰ ਕੋਈ ਬਦਲਾਅ ਦਾ ਸਾਥੀ ਬਣਨਾ ਚਾਹੁੰਦਾ ਹੈ। ਗੁਜਰਾਤ ’ਚ ਆਮ ਆਦਮੀ ਪਾਰਟੀ ਹਰ ਨਵੇਂ ਦਿਨ ਨਾਲ ਇਤਿਹਾਸਕ ਜਿੱਤ ਵੱਲ ਕਦਮ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ।
ਜਦੋਂ ਭਗਵੰਤ ਮਾਨ ਰੋਡ ਸ਼ੋਅ ’ਚ ਹਿੱਸਾ ਲੈ ਰਹੇ ਸਨ ਤਾਂ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਕਾਫਲੇ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਕਈ ਗੁਜਰਾਤੀ ਲੋਕਾਂ ਨੇ ਵੀ ਉਨ੍ਹਾਂ ਨਾਲ ਹੱਥ ਮਿਲਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਅਤੇ ਪੰਜਾਬ ਦੀਆਂ ‘ਆਪ’ ਸਰਕਾਰਾਂ ’ਤੇ ਦਬਾਅ ਪਾ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਪਰ ਇਸ ਦੇ ਬਾਵਜੂਦ ਪਿਛਲੇ 7-8 ਸਾਲਾਂ ’ਚ ਇਸ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ। ਕਿਉਂਕਿ ਲੋਕ ਹੁਣ ਸਾਰੇ ਦੇਸ਼ ’ਚ ਬਦਲਾਅ ਵੱਲ ਵਧ ਰਹੇ ਹਨ।