ਦੋਹਾ, 24 ਨਵੰਬਰ
ਜਾਪਾਨ ਨੇ ਅੱਜ ਚਾਰ ਵਾਰ ਦੀ ਚੈਂਪੀਅਨ ਟੀਮ ਜਰਮਨੀ ਨੂੰ 2-1 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਵਿੱਚ ਦੂਜਾ ਵੱਡਾ ਉਲਟਫੇਰ ਕੀਤਾ। ਇਸ ਜਿੱਤ ਦਾ ਸਿਹਰਾ ਰਿਤਸੂ ਦੋਅਨ ਅਤੇ ਤਾਕੁਮਾ ਅਸਾਨੋ ਦੇ ਸਿਰ ਬੱਝਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਗਰੁੱਪ ਗੇੜ ‘ਈ’ ਦੇ ਮੈਚ ਦੌਰਾਨ ਜਾਪਾਨ ਨੇ ਇੱਕ ਗੋਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ। ਇਲਕੇ ਗੁੰਡੋਗਨ ਨੇ ਜਰਮਨੀ ਨੂੰ ਪਹਿਲੇ ਹਾਫ ਵਿੱਚ ਪੈਨਲਟੀ ’ਤੇ ਗੋਲ ਕਰ ਕੇ ਲੀਡ ਦਿਵਾਈ ਸੀ। ਹਾਲਾਂਕਿ, ਜਾਪਾਨ ਨੇ ਦੂਜੇ ਹਾਫ ਵਿੱਚ ਸੱਤ ਮਿੰਟ ਦੇ ਅੰਦਰ ਦੋ ਗੋਲ ਕਰ ਕੇ ਯੂਰੋਪ ਦੀ ਮਜ਼ਬੂਤ ਟੀਮ ਨੂੰ ਸੋਚਾਂ ਵਿੱਚ ਪਾ ਦਿੱਤਾ। ਮੈਚ ਦੇ 76ਵੇਂ ਮਿੰਟ ਵਿੱਚ ਤਾਕੁਮੀ ਮਿਨਾਮਿਨੋ ਦੋਅਨ ਵੱਲੋਂ ਦਾਗ਼ੇ ਸ਼ਾਟ ਨੂੰ ਦੋਅਨ ਨੇ ਗੋਲ ਵਿੱਚ ਬਦਲ ਦਿੱਤਾ। 83ਵੇਂ ਮਿੰਟ ਵਿੱਚ ਅਸਾਨੋ ਨੇ ਜਾਪਾਨ ਦੀ ਲੀਡ ਦੁੱਗਣੀ ਕਰ ਦਿੱਤੀ। ਦੋਵਾਂ ਟੀਮਾਂ ਵਿੱਚ ਇਹ ਪਹਿਲਾ ਮੁਕਾਬਲਾ ਸੀ। ਜਰਮਨੀ ਦੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਤਸਵੀਰ ਖਿੱਚੇ ਜਾਣ ਮੌਕੇ ਆਪਣੇ ਚਿਹਰੇ ਢਕ ਲਏ ਸਨ। ਇਹ ਮੇਜ਼ਬਾਨ ਦੇਸ਼ ਕਤਰ ਵਿੱਚ ਭੇਦ-ਭਾਵ ਦਾ ਵਿਰੋਧ ਕਰਨ ਲਈ ਬਾਂਹ ’ਤੇ ਪੱਟੀ ਬੰਨ੍ਹਣ ਦੀ ਯੋਜਨਾ ’ਤੇ ਫੀਫਾ ਦੇ ਸਖ਼ਤ ਰੁਖ਼ ਦੀ ਨਿਖੇਧੀ ਕਰਨ ਦਾ ਤਰੀਕਾ ਹੈ।