ਨੇਪੀਅਰ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਤੀਜਾ ਟੀ-20 ਮੈਚ ਟਾਈ ਹੋਣ ਤੋਂ ਬਾਅਦ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਭਾਰਤ ਨੇ ਮੁਹੰਮਦ ਸਿਰਾਜ (17/4) ਅਤੇ ਅਰਸ਼ਦੀਪ ਸਿੰਘ (37/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 160 ਦੌੜਾਂ ‘ਤੇ ਆਲ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਹਾਰਦਿਕ ਪੰਡਯਾ (ਅਜੇਤੂ 30) ਦੇ ਅਹਿਮ ਯੋਗਦਾਨ ਦੀ ਮਦਦ ਨਾਲ ਟੀਮ ਨੇ 9 ਓਵਰਾਂ ਵਿੱਚ 75 ਦੌੜਾਂ ਬਣਾਈਆਂ।
ਮੀਂਹ ਕਾਰਨ ਅੱਗੇ ਦੀ ਖੇਡ ਨਹੀਂ ਹੋ ਸਕੀ ਅਤੇ ਮੈਚ ਨੂੰ ਡਕਵਰਥ ਲੁਈਸ ਵਿਧੀ ਦੇ ਆਧਾਰ ‘ਤੇ ਟਾਈ ਐਲਾਨ ਦਿੱਤਾ ਗਿਆ। ਵੈਲਿੰਗਟਨ ਵਿੱਚ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਭਾਰਤ ਨੇ ਮਾਊਂਟ ਮੌਂਗਨੁਈ ਵਿੱਚ ਦੂਜਾ ਟੀ-20 ਮੈਚ 65 ਦੌੜਾਂ ਨਾਲ ਜਿੱਤ ਲਿਆ ਸੀ। ਸੂਰਿਆਕੁਮਾਰ ਯਾਦਵ ਨੂੰ ਮਾਊਂਟ ਮੌਂਗਾਨੁਈ ਵਿਖੇ ਉਨ੍ਹਾਂ ਦੇ ਧਮਾਕੇਦਾਰ ਸੈਂਕੜੇ ਲਈ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ, ਜਦਕਿ ਸਿਰਾਜ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।
ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ।