ਸ਼ਿਮਲਾ, 22 ਜੁਲਾਈ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ਕਾਂਗਰਸ ਪੇਗਾਸਸ ਜਾਸੂਸੀ ਦੇ ਵਿਰੋਧ ‘ਚ 23 ਜੁਲਾਈ ਨੂੰ ਇੱਥੇ ਪ੍ਰਦੇਸ਼ ਪਾਰਟੀ ਹੈੱਡ ਕੁਆਰਟਰ ਤੋਂ ਰਾਜ ਭਵਨ ਤੱਕ ਵਿਰੋਧ ਪ੍ਰਦਰਸ਼ਨ ਕਰੇਗੀ, ਜਿਸ ‘ਚ ਪਾਰਟੀ ਦੇ ਕਈ ਨੇਤਾ, ਅਹੁਦਾ ਅਧਿਕਾਰੀ ਅਤੇ ਵਰਕਰ ਸ਼ਾਮਲ ਹੋਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੇ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੇਂਦਰ ਸਰਕਾਰ ਵਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਹੋਰ ਲੋਕਾਂ ਦੀ ਫ਼ੋਨ ਟੈਪਿੰਗ ਅਤੇ ਜਾਸੂਸੀ ਕਰਨ ਦੀ ਸਖ਼ਤ ਆਲੋਚਨਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਵਿਰੋਧੀ ਨੇਤਾਵਾਂ, ਕਾਰਜਕਾਰੀ, ਨਿਆਂਪਾਲਿਕਾ ਅਤੇ ਮੀਡੀਆ ਦੀ ਜਾਸੂਸੀ ਕਰਵਾ ਕੇ ਦੇਸ਼ ਦੇ ਲੋਕਤੰਤਰ ਦੀ ਮਰਿਆਦਾ ਦਾ ਹਨਨ ਕੀਤਾ ਹੈ। ਰਾਠੌੜ ਨੇ ਦੋਸ਼ ਲਗਾਇਆ ਹੈ ਕਿ ਇਸ ਜਾਸੂਸੀ ਕਾਂਡ ‘ਚ ਸਰਕਾਰ ਦਾ ਹੱਥ ਹੈ ਅਤੇ ਇਸ ਲਈ ਉਸ ਨੂੰ ਦੇਸ਼ ਤੋਂ ਮੁਆਫ਼ੀ ਮੰਗਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਹਟਾ ਕੇ ਮਾਮਲੇ ਦੀ ਜਾਂਚ ਕਿਸੇ ਜੱਜ ਤੋਂ ਕਰਵਾਉਣੀ ਚਾਹੀਦੀ ਹੈ।