ਮੇਰੇ ਦਾਦੂ !
ਮੇਰੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਦਾਦੁ ਨਾਲ ਜੁੜੀਆਂ ਹਨ, ਮੇਰੇ ਦਾਦੁ ਬਿਲਕੁੱਲ ਵੀ ਆਮ ਦਾਦੂ ਨਹੀਂ ਸੀ। ਉਹ ਬੱਚਿਆਂ ਨਾਲ ਬੱਚੇ ਹੀ ਬਣ ਜਾਂਦੇ ਸੀ। ਇਹ ਥੋੜੀ ਜਿਹੀ ਹੈਰਾਨ ਕਰਨ ਵਾਲੀ ਗੱਲ ਵੀ ਹੈ ਵੈਸੇ, ਉਹਨਾ ਨੂੰ ਕਦੇ ਮਾਂ ਦਾ ਪਿਆਰ ਨਹੀਂ ਸੀ ਮਿਲਿਆ। ਉਹ ਦਾਦੁ ਦੇ ਕਾਫ਼ੀ ਛੋਟੇ ਹੁੰਦਿਆਂ ਹੀ ਗੁਜ਼ਰ ਗਏ ਸੀ।ਉਹਨਾ ਦੀਆਂ ਚਾਚੀਆਂ, ਤਾਈਆਂ ਤੇ ਭੈਣਾਂ ਦੇ ਪਿਆਰ ਨੇ ਉਹਨਾਂ ਦੇ ਭਾਵਨਾਤਮਕ ਭਾਵ ਸਿਰਜੇ। ਇਹਨਾਂ ਸਭ ਪਰਵਾਰਕ ਔਰਤਾਂ ਦੀ ਜ਼ਿੰਦਗੀ ਵਿੱਚ ਦਾਦੂ ਦੀ ਵੀ ਬਹੁਤ ਅਹਿਮ ਭੂਮਿਕਾ ਰਹੀ ਹੈ। ਔਰਤਾਂ ਦੇ ਹੱਕਾਂ ਨਾਲ ਹਮੇਸ਼ਾ ਤੋਂ ਹੀ ਖਦੇ ਸੀ ਮੇਰੇ ਦਾਦੂ।ਇਹ ਸਭ ਗੱਲਾਂ ਉਹਨਾ ਦੇ ਨਾਲ ਜੁੜੇ ਲੋਕ ਹੀ ਦੱਸਦੇ ਨੇ। ਉਹ ਆਪ ਆਪਣੀ ਵਡਿਆਈ ਕਦੇ ਨਹੀਂ ਸਨ ਕਰਦੇ। ਮੈਂ ਦਾਦੂ ਨੂੰ ਬਹੁਤ ਹੀ ਮਜ਼ਬੂਤ ਇਰਾਦੇ ਤੇ ਆਪਣੀ ਗੱਲ ’ਤੇ ਵਿਚਾਰਾਂ ਉੱਤੇ ਅਡੋਲ ਖੜੇ ਰਹਿਣਾ ਦੇਖਿਆ। ਉਹਨਾਂ ਦਾ ਮੰਨਣਾ ਸੀ, ਬੰਦੇ ਦੀ ਹੋਂਦ ਕਦੇ ਵੀ ਪੈਸਿਆਂ ਨਾਲ ਨਹੀਂ ਜੁੜੀ ਹੁੰਦੀ, ਸਗੋਂ ਆਪਣੇ ਕਹੇ ਹੋਏ ਸ਼ਬਦਾਂ ਅਤੇ ਵਿਚਾਰਾਂ ਉੱਪਰ ਦਲੇਰੀ ਨਾਲ ਪਹਿਰਾ ਦੇਣ ਕਰਕੇ ਹੁੰਦੀ ਹੈ। ਮੈਨੂੰ ਇਹ ਤਾਂ ਬਿਲਕੁਲ ਨਹੀਂ ਲੱਗਦਾ ਕਿ ਮੈਨੂੰ ਬਚਪਨ ਵਿਚ ਹੀ ਸਭ ਸਮਝ ਸੀ ਇਹਨਾਂ ਗੱਲਾਂ ਦੀ, ਪਰ ਪਿਛਲੇ ਦਸ ਕੁ ਸਾਲਾਂ ਵਿੱਚ ਮੈਂ ਜੋ ਹਾਂ ਤੇ ਜੋ ਵੀ ਕੁਝ ਬਣਨਾ ਚਾਹੁੰਦੀ ਹਾਂ, ਮੇਰੇ ਦਾਦੂ ਦਾ ਉਸ ਵਿਚ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ ਅਤੇ ਰਹੇਗਾ। ਨਿੱਕੇ ਹੁੰਦਿਆਂ ਸਾਡੇ ਘਰ ਇੱਕ ਬਿੱਲੀ ਹਮੇਸ਼ਾ ਹੀ ਆਉਂਦੀ ਸੀ, ਮੈਂ ਤੇ ਦਾਦੂ ਮਿਲ ਕੇ ਬਿੱਲੀ ਨੂੰ ਦੁੱਧ ਪਾਉਂਦੇ ਦਾਦੁ ਨੇ ਮੈਨੂੰ ਜਾਨਵਰਾਂ, ਵਾਤਾਵਰਨ, ਕੁਦਰਤ ਅਤੇ ਮਨੁੱਖਤਾ ਦਾ ਸਤਿਕਾਰ ਕਰਨਾ ਸਿਖਾਇਆ। ਜਦੋਂ ਕਦੇ ਰਾਤ ਨੂੰ ਲਾਈਟ ਚਲੀ ਜਾਂਦੀ ਸੀ, ਮੈਂ ਅਤੇ ਦਾਦੂ ਵਿਹੜੇ ਵਿਚ ਮੰਜੇ ਤੇ ਲੇਟ ਕੇ ਅਸਮਾਨ ਦੇਖਦੇ ਤੇ ਉਹ ਮੈਨੂੰ ਤਾਰੇ, ਚੰਦ ਤੇ ਹਿਮੰਡ ਦਾ ਗਿਆਨ ਦਿੰਦੇ। ਕਾਫੀ ਨਿੱਕੀਆਂ-ਨਿੱਕੀਆਂ ਗੱਲਾਂ ਰਾਹੀਂ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ।
ਮੈਨੂੰ ਰੇਲ ਗੱਡੀ ਦੇਖਣ ਦਾ ਬਹੁਤ ਸ਼ੌਕ ਸੀ ਨਿੱਕੇ ਹੁੰਦਿਆਂ। ਮੇਰੇ ਦਾਦੁ ਨੇ ਆਪਣੀ ਸਾਈਕਲ ਉੱਤੇ ਮੇਰੇ ਲਈ ਨਿੱਕੀ ਜਿਹੀ ਕਾਠੀ ਲਵਾ ਲਈ ਸੀ।ਜਦ ਮੈਂ ਕੁਝ ਚਾਰ- ਪੰਜ ਸਾਲ ਦੀ ਸੀ, ਮੈਂ ਤੇ ਦਾਦੁ ਰੋਜ਼ਾਨਾ ਫਾਟਕ ’ਤੇ ਰੇਲ ਦੇਖ ਕੇ ਆਉਂਦੇ।ਇਹ ਸਾਡੀ ਖੇਡ ਜਿਹੀ ਸੀ, ਜਦ ਵੀ ਉਹ ਕਦੇ ਦੋ ਚਾਰ ਦਿਨ ਲਈ ਬਾਹਰ ਗਏ ਹੁੰਦੇ ਤਾਂ ਮੇਰਾ ਜੀਅ ਨਹੀਂ ਸੀ ਲੱਗਦਾ। ਉਹ ਵੀ ਵਾਪਸ ਆਉਂਦਿਆਂ ਸਾਰ ਮੈਨੂੰ ਲੱਭਦੇ, ਉਹ ਕਹਿੰਦੇ ਸੀ, “ਉਹ ਗੋਰੁ ਕਿੱਥੇ ਐਂ ?” ਮੈਨੂੰ ਵੀ ਚਾਅ ਚੜ੍ਹ ਜਾਂਦਾ ਸੀ। ਮੈਨੂੰ ਵੱਡੇ ਹੋ ਕੇ ਇਹ ਪਤਾ ਲੱਗਿਆ ਕਿ ਉਹ ਜ਼ਿੰਦਗੀ ਵਿਚ ਦੋ ਹੀ ਵਾਰ ਕਿਸੇ ਲਈ ਗਿਫ਼ਟ ਲੈ ਕੇ ਆਏ। ਉਹਨਾ ਵਿੱਚੋਂ ਇੱਕ ਸੀ ਮੇਰੀ ਦਾਦੀ ਤੇ ਦੂਜਾ ਮੇਰੇ ਲਈ ਇੱਕ ਚਿੱਟੇ ਰੰਗ ਦੀ ਫਰਾਕ, ਜੋ ਅੱਜ ਵੀ ਮੇਰੇ ਕੋਲ ਸਾਂਭੀ ਹੋਈ ਹੈ।
ਮੇਰੇ ਦਾਦੁ ਰੋਜ਼ ਸਵੇਰੇ ਮੈਨੂੰ ਬੱਸ ਤੱਕ ਛੱਡ ਕੇ ਆਉਂਦੇ, ਜਦ ਕਦੇ ਲੇਟ ਹੋ ਜਾਣਾ ਤਾਂ ਕਦੇ-ਕਦੇ ਉਹ ਡਾਂਟ ਵੀ ਦਿੰਦੇ ਕਿ ਇੱਕ ਬੱਚੇ (ਤੇਰੇ) ਕਰਕੇ ਸਾਰੇ ਬੱਚੇ ਲੇਟ ਹੋਣਗੇ। ਸਾਡੇ ਘਰ ਰੋਜ਼ ਸੱਤ ਅਖ਼ਬਾਰ ਆਉਂਦੇ ਹਨ, ਦਾਦੂ ਸਵੇਰੇ ਤੋਂ ਸ਼ਾਮ ਤੱਕ ਉਹ ਸਾਰੇ ਪੜ੍ਹਦੇ ਕਈ ਵਾਰ ਕੋਈ ਆਰਟੀਕਲ ਚੰਗਾ ਲੱਗਣਾ ਤਾਂ ਆਵਦੇ ਬੈਂਡ ਦੇ ਗੱਦੇ ਥੱਲੇ ਸਾਂਭ ਲੈਂਦੇ। ਘਰ ਵਿੱਚ ਜਦੋਂ ਬਜ਼ੁਰਗ ਪੜ੍ਹਦੇ ਹਨ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਰ੍ਹਾਂ ਦਾ ਪੜ੍ਹਨ ਦਾ ਕਲਚਰ ਜਿਹਾ ਸਿਰਜਿਆ ਜਾਂਦਾ ਹੈ। ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਮੇਰੇ ਦਾਦੂ ਤੋਂ ਹੀ ਪਿਆ। ਅਖਬਾਰ ਤਾਂ ਉਹ ਆਪਣੇ ਆਖਰੀ ਦਿਨਾਂ ਵਿੱਚ ਵੀ ਹਸਪਤਾਲ ਦੇ ਬੈਂਡ ‘ਤੇ ਮੰਗ ਕੇ ਪੜ੍ਹਦੇ ਰਹੇ।
ਜਦ ਮੈਂ ਹੋਸਟਲ ਰਹਿੰਦੀ ਸੀ, ਮੈਨੂੰ ਇਹੋ ਡਰ ਰਹਿੰਦਾ ਕਿ ਮੇਰੋ ਇੱਥੇ ਰਹਿੰਦਿਆਂ ਦਾਦੁ ਨੂੰ ਕੁਝ ਹੋ ਨਾ ਜਾਵੇ। ਇਸ ਗੱਲ ਦਾ ਸ਼ਾਇਦ ਉਹਨਾਂ ਨੂੰ ਵੀ ਅਭਾਸ ਸੀ, ਕਿਉਂਕਿ ਜਿਸ ਦਿਨ ਉਹਨਾਂ ਦਾ ਸਸਕਾਰ ਸੀ, ਉਹਨਾ ਦੇ ਬਹੁਤ ਹੀ ਕਰੀਬੀ ਨੇ ਮੈਨੂੰ ਦੱਸਿਆ ਕਿ ਉਹ ਕਹਿੰਦੇ ਸਨ, “ ਜ਼ਿੰਦਗੀ ਤੋਂ ਕਾਫ਼ੀ ਸੰਤੁਸ਼ਟ ਹਾਂ, ਪਰ ਜੇ ਕਦੇ ਮੈਨੂੰ ਕੁਝ ਗਿਆ, ਬਾਕੀ ਪਰਵਾਰ ਦੇ ਮੈਂਬਰ ਤਾਂ ਸੰਭਲ ਜਾਣਗੇ, ਪਰ ਜੋਇਆ ਨੂੰ ਸੰਭਲਣਾ ਔਖਾ ਹੋਵੇਗਾ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਮੰਨਦੀ ਹਾਂ ਕਿ ਮੈਂ ਆਖਰੀ ਪੂਰਾ ਸਮਾਂ ਉਹਨਾ ਨਾਲ ਬਿਤਾ ਸਕੀ। ਉਹਨਾ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ, ਜੋ ਮੈਂ ਸ਼ਾਇਦ ਪਹਿਲਾਂ ਨਹੀਂ ਸੀ ਸੁਣੀਆਂ। ਉਹਨਾ ਇੱਕ ਦਿਨ ਮੈਨੂੰ ਕਿਹਾ, “ਮੇਰੇ ਕੋਲ ਮਾਂ ਦੀ ਕੋਈ ਫੋਟੋ ਨਹੀਂ, ਪਰ ਮੈਨੂੰ ਉਹ ਬਹੁਤ ਵਾਰ ਸੁਪਨੇ ਵਿਚ ਦਿਸਦੀ ਹੈ। ਉਹ ਲੰਮੀ , ਗੋਰੀ ਤੇ ਵੱਡੀਆਂ ਅੱਖਾਂ ਵਾਲੀ ਸੀ। ਸ਼ਾਇਦ ਆਖਰੀ ਘੜੀਆਂ ਵਿੱਚ ਵੀ ਬਚਪਨ ਦੀਆਂ ਘਾਟਾਂ ਤੇ ਯਾਦਾਂ ਸਤਾਉਂਦੀਆਂ ਸਨ । ਆਖਰੀ ਦਿਨਾਂ ਵਿਚ ਉਹਨਾਂ ਇਹ ਗੱਲ ਮੈਨੂੰ ਕਾਫੀ ਵਾਰ ਸੁਣਾਈ।
ਉਹ ਸ਼ਿਵ ਦੇ ਗੀਤ ਅਕਸਰ ਗੁਣਗੁਣਾਉਂਦੇ ਸਨ। ਗੁਰੂ ਦੱਤ ਦੀ ‘ਪਿਆਸਾ’ ਫਿਲਮ ਦਾ ਇੱਕ ਗਾਣਾ ਉਹਨਾ ਨੂੰ ਬਹੁਤ ਪਸੰਦ ਸੀ। ‘ਯੇ ਦੁਨੀਆਂ ਅਗਰ ਮਿਲ ਬੀ ਜਾਏ ਤੋਂ ਕਿਆ ਹੈ। ਮੈਂ ਉਹਨਾ ਨੂੰ ਪੁੱਛਿਆ ਕਿ ਇਹ ਗੀਤ ਤੁਹਾਨੂੰ ਏਨਾ ਕਿਉਂ ਪਸੰਦ ਹੈ ? ਉਹਨਾ ਦਾ ਜਵਾਬ ਸੀ, “ਇਹ ਅਸਲ ਜ਼ਿੰਦਗੀ ਵਿੱਚ ਮੈਂ ਜੋ ਹਾਂ ਤੇ ਜੋ ਵੀ ਕੁਝ ਬਣਨਾ ਦਾ, ਲੋਕਾਂ ਦਾ ਗੀਤ ਹੈ।
ਪਿਛਲੇ ਕੁਝ ਦਿਨਾਂ ਵਿੱਚ ਉਹਨਾ ਦੇ ਗੁਜ਼ਰਨ ਤੋਂ ਬਾਅਦ ਉਹਨਾ ਦੇ ਕਾਫ਼ੀ ਨੇੜੇ ਦੇ ਸਾਥੀ ਜਦ ਵੀ ਘਰ ਆਏ ਤਾਂ ਉਹਨਾਂ ਬਾਰੇ ਬਹੁਤ ਗੱਲਾਂ ਸੁਣਾ ਕੇ ਗਏ । ਸਭ ਇਹ ਜ਼ਰੂਰ ਕਹਿੰਦੇ, ‘ਕੁਝ ਅਜਿਹਾ ਸੀ ਉਹਨਾ ਦੀ ਸਖਸ਼ੀਅਤ ਵਿੱਚ ਕਿ ਉਹ ਹਰ ਮਹਿਫ਼ਲ ਵਿਚ ਜਾਨ ਪਾ ਦਿੰਦੇ। ਕਦੋਂ ਕਿਹੜੀ ਢੁੱਕਵੀਂ ਗੱਲ ਕਰਨੀ ਐ, ਉਹ ਹਾਜ਼ਰ ਜੁਆਬੀ ਦੇ ਮਾਹਰ ਸਨ। ਉਹਨਾ ਦੀ ਸੋਚ ਤੇ ਜ਼ਿੰਦਗੀ ਦੇ ਸਿਧਾਂਤ ਦਾ ਮੇਰੀ ਜ਼ਿੰਦਗੀ ਨੂੰ ਦਿਸ਼ਾ ਦੇਣ ਵਿਚ ਬਹੁਤ ਵੱਡਾ ਯੋਗਦਾਨ ਹੈ। ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਵੀ ਮੈਨੂੰ ਉਹਨਾਂ ਤੋਂ ਹੀ ਮਿਲਿਆ। ਦਾਦੂ ਬਾਰੇ ਸੋਚ ਕੇ ਹਮੇਸ਼ਾ ਮੈਨੂੰ ਉਹਨਾ ਮੁਸਕਰਾਨਾ ਤੇ ਹੱਸਣਾ ਹੀ ਯਾਦ ਆਏਗਾ। ਉਹਨਾ ਬਾਰੇ ਗੱਲਾਂ ਸੁਣਦਿਆਂ ਇਹ ਵੀ ਪਤਾ ਲੱਗਿਆ ਕਿ ਉਹ ਬਹੁਤ ਦਲੇਰ ਇਨਸਾਨ ਸਨ। ਪੰਜਾਬ ‘ਚ ਅੱਤਵਾਦ ਵਿਰੁੱਧ ਦਲੇਰੀ ਨਾਲ ਲੜਦਿਆਂ ਉਹ ਆਪਣੀ ਤਸਵੀਰ ਵੱਡੀ ਕਰਵਾ ਕੇ ਸਾਰੇ ਬੱਚੇ ਲੇਟ ਹੋਣਗੇ। ਸਾਡੇ ਘਰ ਰੋਜ਼ ਸੱਤ ਅਖ਼ਬਾਰ ਲੈ ਆਏ, ਕਹਿੰਦੇ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਆਉਂਦੇ ਹਨ, ਦਾਦੂ ਸਵੇਰੇ ਤੋਂ ਸ਼ਾਮ ਤੱਕ ਉਹ ਸਾਰੇ ਪੜ੍ਹਦੇ ਗੋਲੀ ਵੱਜ ਗਈ ਤਾਂ ਸ਼ਰਧਾਂਜਲੀ ਸਮਾਗਮ ਲਈ ਬਣਾਈ ਹੈ। ਉਹਨਾ ਦੇ ਮਨ ਵਿੱਚ ਮੌਤ ਨੂੰ ਲੈ ਕੇ ਬਿਲਕੁਲ ਵੀ ਡਰ ਨਹੀਂ ਸੀ। ਇਹ ਪ੍ਰਣ ਕਰਦੀ ਹਾਂ ਕਿ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਨਾਂ ਦਾ ਨਾਂਅ ਯਾਦਗਾਰੀ ਕਰ ਸਕਾਂ।