ਲਗਨ, ਮਿਹਨਤ, ਸਵੈ ਵਿਸ਼ਵਾਸ਼ ਅਤੇ ਦਿ੍ਰੜ੍ਹਤਾ ਹੋਵੇ ਤਾਂ ਇਨਸਾਨ ਪਹਾੜਾਂ ਨੂੰ ਸਰ ਕਰ ਸਕਦਾ ਹੈ। ਸਵੈ ਵਿਸ਼ਵਾਸ਼ ਕਰਕੇ ਹੀ ਧੰਨੇ ਨੇ ਪੱਥਰ ਚੋਂ ਰੱਬ ਪਾ ਲਿਆ ਸੀ ਅਤੇ ਫਰਿਹਾਦ ਨੇ ਸ਼ੀਰੀਂ ਲਈ ਨਹਿਰ ਪੁੱਟ ਦਿੱਤੀ ਸੀ। ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਨਿਸਚਤ ਕਰਨਾ ਚਾਹੀਦਾ ਹੈ। ਫਿਰ ਉਸ ਦੀ ਪ੍ਰਾਪਤੀ ਲਈ ਦਿ੍ਰੜ੍ਹ ਸੰਕਲਪ ਨਾਲ ਅੱਗੇ ਵੱਧਣਾ ਚਾਹੀਦਾ ਹੈ। ਬਿਲਕੁਲ ਇਸੇ ਤਰ੍ਹਾਂ ਫੂਲ ਚੰਦ ਮਾਨਵ ਨੇ ਬਿਨਾ ਕਿਸੇ ਦੀ ਸਪੋਰਟ ਦੇ ਆਪਣੀ ਮਿਹਨਤ, ਲਗਨ ਅਤੇ ਸਵੈ ਵਿਸ਼ਵਾਸ਼ ਨਾਲ ਸਫ਼ਲਤਾ ਦੀ ਪੌੜੀ ਚੜ੍ਹਕੇ ਕਿ੍ਰਸ਼ਮਾ ਕਰ ਵਿਖਾਇਆ। ਉਨ੍ਹਾਂ ਨੂੰ ਸਾਹਿਤ ਨਾਲ ਇਸ਼ਕ ਹੈ। ਇਸ਼ਕ ਸਿਰਫ਼ ਮਿਜ਼ਾਜ਼ੀ ਅਤੇ ਰੂਹਾਨੀ ਹੀ ਨਹੀਂ ਹੁੰਦਾ। ਇਸ਼ਕ ਆਪਣੇ ਕਿੱਤੇ ਨਾਲ ਵੀ ਹੋ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਆਪਣੀ ਡਿਊਟੀ ਅਤੇ ਸਾਹਿਤ ਨਾਲ ਇਸ਼ਕ ਕਰਨ ਵਾਲਾ ਫੂਲ ਚੰਦ ਮਾਨਵ ਇਕ ਮੱਧ ਵਰਗੀ ਸ਼ਹਿਰੀ ਪਰਿਵਾਰ ਵਿੱਚ ਜਨਮ ਲੈ ਕੇ ਸਿਖ਼ਰਾਂ ‘ਤੇ ਪਹੁੰਚ ਗਿਆ। ਸੋਨੇ ਦੇ ਚਮਚੇ ਵਿੱਚ ਗੁੜ੍ਹਤੀ ਲੈਣ ਵਾਲੇ ਲਈ ਸਮਾਜ ਦੋਵੇਂ ਹੱਥ ਜੋੜਕੇ ਸਵਾਗਤ ਕਰਨ ਲਈ ਤਤਪਰ ਰਹਿੰਦਾ ਹੈ। ਮੱਧ ਵਰਗ ਦੇ ਇਨਸਾਨ ਨੂੰ ਦੁਰਕਾਰਨ ਲਈ ਵੀ ਮੋਹਰੀ ਦੀ ਭੂਮਿਕਾ ਉਹੀ ਸਮਾਜ ਨਿਭਾਉਂਦਾ ਹੈ। ਸਾਰੇ ਸੁੱਖ ਸਹੂਲਤਾਂ ਮਾਨਣ ਵਾਲਿਆਂ ਨੂੰ ਉਚੀਆਂ ਬੁਲੰਦੀਆਂ ‘ਤੇ ਪਹੁੰਚਣ ਲਈ ਕੋਈ ਮੁਸ਼ਕਲ ਪੇਸ਼ ਨਹੀਂ ਹੁੰਦੀ ਪ੍ਰੰਤੂ ਆਪਣੀ ਮਿਹਨਤ ਅਤੇ ਦਿ੍ਰੜ੍ਹਤਾ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਸਮਾਜ ਦੀ ਮਦਦ ਤੋਂ ਬਿਨਾ ਹੀ ਮਾਅਰਕੇ ਮਾਰ ਜਾਂਦੇ ਹਨ। ਅਜਿਹੇ ਹੀ ਮਿਹਨਤੀ ਵਿਅਕਤੀਆਂ ਵਿੱਚੋਂ ਫੂਲ ਚੰਦ ਮਾਨਵ ਇਕ ਹਨ, ਜਿਹੜੇ ਆਪਣੀ ਹਿੰਮਤ ਅਤੇ ਦਿ੍ਰੜ੍ਹਤਾ ਦੇ ਸਦਕੇ ਬੁਲੰਦੀਆਂ ‘ਤੇ ਪਹੁੰਚਕੇ ਕਈ ਮਾਨ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਫੂਲ ਚੰਦ ਮਾਨਵ ਅਜਿਹਾ ਹਿੰਮਤੀ ਇਨਸਾਨ ਹੈ, ਜਿਨ੍ਹਾਂ ਨੇ ਸਕੂਲੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਸਾਰੀ ਪੜ੍ਹਾਈ ਇਕ ਪ੍ਰਾਈਵੇਟ ਉਮੀਦਵਾਰ ਦੇ ਤੌਰ ਨੌਕਰੀ ਕਰਦਿਆਂ ਹੀ ਵਾਇਆ ਬਠਿੰਡਾ ਪ੍ਰਾਪਤ ਕੀਤੀ ਹੈ। ਪਰਿਵਾਰਿਕ ਆਰਥਿਕ ਮਜ਼ਬੂਰੀਆਂ ਕਰਕੇ ਉਨ੍ਹਾਂ ਨੂੰ ਦਸਵੀਂ ਤੋਂ ਬਾਅਦ ਕਾਲਜ ਅਤੇ ਯੂਨੀਵਰਸਿਟੀ ਦੀ ਦੇਹਲੀ ‘ਤੇ ਚੜ੍ਹਨ ਦੇ ਮੌਕੇ ਨਹੀਂ ਮਿਲੇ ਪ੍ਰੰਤੂ ਉਨ੍ਹਾਂ ਦੀਆਂ ਪ੍ਰਾਪਤੀਆਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਸਗੋਂ ਵੱਧ ਹੋ ਸਕਦੀਆਂ ਹਨ। ਉਹ ਪੰਜਾਬੀ ਅਤੇ ਹਿੰਦੀ ਦੇ ਲੇਖਕ ਹਨ। ਉਨ੍ਹਾਂ ਨੂੰ ਇੱਕ ਨਹੀਂ ਸਗੋਂ ਚਾਰ ਕੌਮੀ ਅਵਾਰਡ ਮਿਲੇ ਹਨ, ਜਿਨ੍ਹਾਂ ਵਿੱਚ 1989 ਵਿੱਚ ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਲਖਨਊ ਵੱਲੋਂ ਸੋਹਾਦ ਨੈਸ਼ਨਲ ਸਨਮਾਨ, 2001 ਵਿੱਚ ‘ਕਮਜ਼ੋਰ ਕਠੋਰ ਸੁਪਨੇ’ ਕਵਿਤਾ ਦੀ ਪੁਸਤਕ ਲਈ ਨੈਸ਼ਨਲ ਅਵਾਰਡ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ। ਇਸ ਤੋਂ ਇਲਾਵਾ 2006 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਸ਼ਰੋਮਣੀ ਸਾਹਿਤਕਾਰ ਅਵਾਰਡ ਅਤੇ 2014 ਵਿੱਚ ਭਾਰਤ ਸਰਕਾਰ ਦੇ ਸਭਿਆਚਾਰ ਵਿਭਾਗ ਨੇ ਅਨੁਵਾਦ ਦਾ ਕੌਮੀ ਅਵਾਰਡ ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਨੂੰ ਆਸਟਰੇਲੀਆ ਦੀਆਂ ਦੋ ਸੰਸਥਾਵਾਂ ਨੇ ਵੀ ਸਨਮਾਨਤ ਕੀਤਾ ਹੈ। 2019 ਇੰਡੀਅਨ ਰਕੀਸੈਂਟ ਇੰਟਰਨੈਸ਼ਨਲ ਪੰਜਾਬ ਫੋਰਮ ਆਸਟਰੇਲੀਆ ਨੇ ‘ਲਿਟਰੇਰੀ ਐਕਸਲੈਂਸ’ ਅਵਾਰਡ ਦੇ ਕੇ ਸਨਮਾਨਤ ਕੀਤਾ। ਇਸੇ ਤਰ੍ਹਾਂ ਪੰਜਾਬ ਕੌਂਸਲ ਆਫ਼ ਆਸਟਰੇਲੀਆ ਨੇ ਵੀ ਉਨ੍ਹਾਂ ਦੇ ਸਾਹਿਤਕ ਯੋਗਦਾਨ ਕਰਕੇ ਸਨਮਾਨਤ ਕੀਤਾ ਸੀ। ਉਨ੍ਹਾਂ ਦੀਆਂ ਹੁਣ ਤੱਕ ਲਗਪਗ 50 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ 4 ਹਿੰਦੀ ਦੇ ਕਾਵਿ ਸੰਗ੍ਰਹਿ ਏਕ ਹੀ ਜਗਾਹ, ਇਕ ਗੀਤ ਮੌਸਮ, ਕਮਜ਼ੋਰ ਕਠੋਰ ਸੁਪਨੇ ਅਤੇ ਆਇਨੇ ਇਧਰ ਭੀ ਹੈਂ, ਤਿੰਨ ਕਹਾਣੀਆਂ ਦੀਆਂ ਪੁਸਤਕਾਂ ਜਿਨ੍ਹਾਂ ਵਿੱਚ ਅੰਜੀਰ (ਹਿੰਦੀ), ਕਥਾ ਨਗਰ ਤੇ ਹੋਰ ਕਹਾਣੀਆਂ (ਪੰਜਾਬੀ) ਅਤੇ ਕਥਾਨਗਰੀ (ਗੁਜਰਾਤੀ), ਮੋਹਾਲੀ ਤੋਂ ਮੈਲਬੋਰਨ ਸਫ਼ਰਨਾਮਾ ਹਿੰਦੀ ਅਤੇ ਪੰਜਾਬੀ, ਆਲੋਚਨਾਂ ਦੀਆਂ ਦੋ ਪੁਸਤਕਾਂ ਹਿੰਦੀ ਗ਼ਜ਼ਲ ਕਾ ਯਥਾਰਥ ਔਰ ਸਾਏ ਮੇਂ ਧੂਪ ਅਤੇ ਕੌਰਵ ਕਥਾ। ਹਿੰਦੀ ਵਿੱਚ ਅਨੁਵਾਦ ਵੀਹਵੀਂ ਸਦੀ ਕਾ ਪੰਜਾਬੀ ਕਾਵਯ ਫੂਲ ਚੰਦ ਮਾਨਵ ਅਤੇ ਪ੍ਰੋ.ਯੋਗੇਸ਼ਵਰ ਕੌਰ ਨੇ ਸਾਂਝੇ ਤੌਰ ‘ਤੇ ਅਤੇ ਚੌਥੀ ਦਿਸ਼ਾ, ਦੋਵੇਂ ਪੁਸਤਕਾਂ ਨੈਸ਼ਨਲ ਸਾਹਿਤਯ ਅਕਾਡਮੀ ਨੇ ਪ੍ਰਕਾਸ਼ਤ ਕੀਤੀਆਂ ਹਨ। ਧੂਪ ਔਰ ਦਰਿਆ, ਕੌਰਵ ਸਭਾ ਅਤੇ ਅੰਨਦਾਤਾ ਭਾਰਤੀਆ ਗਿਆਨਪੀਠ ਨੇ ਪ੍ਰਕਾਸ਼ਤ ਕੀਤੀਆਂ ਹਨ। ਕਿਸ ਪੇਂਹ ਖੋਲ੍ਹੂੰ ਗੰਥੜੀ, ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਅਤੇ ਪੰਜਾਬੀ ਏਕਾਂਗੀ ਨੈਸ਼ਨਲ ਬੁੱਕ ਟਰੱਸਟ ਨੇ ਪ੍ਰਕਾਸ਼ਤ ਕੀਤੀਆਂ ਹਨ। ਪੰਜਾਬੀ ਦੇ ਅਨੁਵਾਦ ਦੀਆਂ 9 ਪੁਸਤਕਾਂ ਜਿਨ੍ਹਾਂ ਵਿੱਚ ਚੀਕ ਕੋਰੇ ਕਾਗਜ਼ ਵਿੱਚ, ਸੁਦਾਮਾ ਦੇ ਚਾਵਲ, ਅੰਮਿ੍ਰਤ ਦੀ ਖੋਜ, ਸ੍ਰੀ ਅਰਵਿੰਦੂ, ਕਥਾ ਨਗਰ, ਮਿੱਟੀ ‘ਤੇ ਨੰਗੇ ਪੈਰ, ਆਧਾ ਪੁਲ, ਸਮਕਾਲੀਨ ਪੰਜਾਬੀ ਕਹਾਣੀਆਂ ਅਤੇ ਪੰਜਾਬੀ ਦੀਆਂ ਲੋਕ ਪਿ੍ਰਯ ਕਹਾਣੀਆਂ ਆਦਿ ਹਨ।
ਫੂਲ ਚੰਦ ਮਾਨਵ ਦਾ ਜਨਮ 16 ਦਸੰਬਰ 1945 ਨੂੰ ਨਾਭਾ ਸਟੇਟ ਦੇ ਨਾਭਾ ਸ਼ਹਿਰ ਵਿੱਚ ਮਾਤਾ ਸ਼੍ਰੀਮਤੀ.ਪ੍ਰਸਿੰਨੀ ਦੇਵੀ ਅਤੇ ਪਿਤਾ ਸ਼੍ਰੀ.ਤੁਲਸੀ ਰਾਮ ਦੇ ਘਰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਜੈਨ ਹਾਈ ਸਕੂਲ ਅਤੇ ਦਸਵੀਂ ਸਟੇਟ ਹਾਈ ਸਕੂਲ ਨਾਭਾ ਤੋਂ ਪਾਸ ਕੀਤੀਆਂ। ਇਸ ਤੋਂ ਬਾਅਦ ਦਸਵੀਂ ਦੇ ਪੰਜਾਬੀ ਅਤੇ ਹਿੰਦੀ ਦੇ ਐਡੀਸ਼ਨਲ ਵਿਸ਼ੇ ਪਾਸ ਕੀਤੇ। ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਖੋਲ੍ਹ ਦਿੱਤੇ ਪ੍ਰੰਤੂ ਟ੍ਰੇਂਡ ਅਧਿਆਪਕਾਂ ਦੀ ਘਾਟ ਹੋਣ ਕਰਕੇ ਦਸਵੀਂ ਪਾਸ ਵਿਅਕਤੀਆਂ ਨੂੰ ਟੇਲ ਅਧਿਆਪਕ ਲਗਾ ਦਿੱਤਾ ਗਿਆ। ਉਸੇ ਸਕੀਮ ਵਿੱਚ ਫੂਲ ਚੰਦ ਮਾਨਵ ਨੂੰ 1961 ਵਿੱਚ ਨਾਭਾ ਦੇ ਪਿੰਡ ਕਨਸੂਹਾ ਵਿਖੇ ਪ੍ਰਾਇਮਰੀ ਅਧਿਆਪਕ ਦੀ ਨੌਕਰੀ ‘ਤੇ ਨਿਯੁਕਤ ਕਰ ਦਿੱਤਾ। ਲਗਪਗ ਢਾਈ ਸਾਲ ਵੱਖ-ਵੱਖ ਸਕੂਲਾਂ ਵਿੱਚ 1963 ਤੱਕ ਪੜ੍ਹਾਉਂਦੇ ਰਹੇ। 11 ਨਵੰਬਰ 1963 ਨੂੰ ਉਨ੍ਹਾਂ ਦੀ ਪੰਜਾਬ ਸਰਕਾਰ ਦੇ ਉਦਯੋਗਿਕ ਵਿਭਾਗ ਚੰਡੀਗੜ੍ਹ ਵਿੱਚ ਬਤੌਰ ਕਲਰਕ ਚੋਣ ਹੋ ਗਈ । ਇਕ ਵਾਰ ਸ਼੍ਰੀ.ਐਨ.ਐਨ.ਵੋਹਰਾ ਸਕੱਤਰ ਉਦਯੋਗ ਵਿਭਾਗ ਉਨ੍ਹਾਂ ਦੇ ਦਫਤਰ ਦੇ ਇਕ ਸਮਾਗਮ ਵਿੱਚ ਆਏ ਤਾਂ ਉਨ੍ਹਾਂ ਫੂਲ ਚੰਦ ਮਾਨਵ ਨੂੰ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਣ ਵਾਲੀਆਂ ਉਸਦੀਆਂ ਕਹਾਣੀਆਂ ਨਾਲ ਛਪਣ ਵਾਲੀ ਫੋਟੋ ਨੂੰ ਵੇਖ ਕੇ ਪਛਾਣ ਲਿਆ। ਫਿਰ ਉਨ੍ਹਾਂ ਫੂਲ ਚੰਦ ਮਾਨਵ ਨੂੰ ਵਿਭਾਗ ਦੀ ਸਹਾਇਕ ਲਾਇਬਰੇਰੀਅਨ ਦੀ ਪੋਸਟ ਤੇ ਲਗਾ ਦਿੱਤਾ। ਨੌਕਰੀ ਕਰਦਿਆਂ ਹੀ ਉਨ੍ਹਾਂ 1963 ਵਿੱਚ ਹੀ ਪ੍ਰਭਾਕਰ ਦੀ ਪ੍ਰੀਖਿਆ ਪਾਸ ਕਰ ਲਈ, ਉਸੇ ਆਧਾਰ ‘ਤੇ ਉਨ੍ਹਾਂ ਨੌਕਰੀ ਦੌਰਾਨ ਹੀ ਪਹਿਲਾਂ ਐਫ.ਏ. ਅਤੇ ਫਿਰ ਬੀ.ਏ. ਪਾਸ ਕਰ ਲਈਆਂ। 1968 ਵਿੱਚ ਉਨ੍ਹਾਂ ਪ੍ਰਾਈਵੇਟਲੀ ਹੀ ਐਮ.ਏ.ਪੰਜਾਬੀ ਪਾਸ ਕਰ ਲਈ। 1969 ਵਿੱਚ ਉਨ੍ਹਾਂ ਦੀ ਚੋਣ ਮੋਗਾ ਵਿਖੇ ਪ੍ਰਾਈਵੇਟ ਕਾਲਜ ਵਿੱਚ ਲੈਕਚਰਾਰ ਪੰਜਾਬੀ ਲਈ ਹੋ ਗਈ। ਪ੍ਰੰਤੂ ਪ੍ਰਾਈਵੇਟ ਨੌਕਰੀ ਹੋਣ ਕਰਕੇ ਉਨ੍ਹਾਂ ਉਥੇ ਜਾਇਨ ਨਹੀਂ ਕੀਤਾ। ਉਨ੍ਹਾਂ 1973 ਵਿੱਚ ਐਮ.ਏ.ਹਿੰਦੀ ਗੋਲਡ ਮੈਡਲ ਨਾਲ ਪਾਸ ਕਰ ਲਈ। ਇਸ ਦੌਰਾਨ ਉਨ੍ਹਾਂ ਦੀਆਂ ਕਹਾਣੀਆਂ ਅਤੇ ਲੇਖ ਪੰਜਾਬੀ ਅਤੇ ਹਿੰਦੀ ਦੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੁੰਦੇ ਰਹੇ। ਫੂਲ ਚੰਦ ਮਾਨਵ ਦੀ 1971 ਵਿੱਚ ਪੰਜਾਬ ਟੈਕਸਟ ਬੁੱਕ ਬੋਰਡ ਚੰਡੀਗੜ੍ਹ ਵਿੱਚ ਸਹਾਇਕ ਸੰਪਾਦਕ ਦੀ ਚੋਣ ਹੋ ਗਈ। 4 ਸਾਲ ਬੋਰਡ ਵਿੱਚ ਕੰਮ ਕਰਨ ਤੋਂ ਬਾਅਦ 1975 ਵਿੱਚ ਉਨ੍ਹਾਂ ਦੀ ਚੋਣ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਪੀ.ਆਰ.ਓ.ਹਿੰਦੀ ਹੋ ਗਈ। ਫਿਰ ਉਨ੍ਹਾਂ ਨੂੰ ਜਾਗ੍ਰਤੀ ਹਿੰਦੀ ਪੰਜਾਬ ਸਰਕਾਰ ਦੇ ਮਾਸਕ ਰਸਾਲੇ ਦਾ ਸੰਪਾਦਕ ਬਣਾ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਦਾ ਸਾਹਿਤਕ ਜਗਤ ਨਾਲ ਵਾਹ ਵਾਸਤਾ ਵੱਧ ਗਿਆ। ਉਨ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਰਸਾਲੇ ਨੂੰ ਸਾਹਿਤਕਾਰਾਂ ਵਿੱਚ ਹਰਮਨ ਪਿਆਰਾ ਬਣਾ ਦਿੱਤਾ। ਲੋਕ ਸੰਪਰਕ ਵਿੱਚ 1 ਸਾਲ 2 ਮਹੀਨੇ ਨੌਕਰੀ ਕਰਨ ਤੋਂ ਬਾਅਦ ਫੂਲ ਚੰਦ ਮਾਨਵ ਦੀ ਚੋਣ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਪੰਜਾਬ ਦੇ ਸਿਖਿਆ ਵਿਭਾਗ ਵਿੱਚ ਲੈਕਚਰਾਰ ਹਿੰਦੀ ਦੀ ਹੋ ਗਈ। ਉਨ੍ਹਾਂ ਨੇ 1976 ਵਿੱਚ ਰਾਜਿੰਦਰਾ ਸਰਕਾਰੀ ਕਾਲਜ ਬਠਿੰਡਾ ਵਿਖੇ ਲੈਕਚਰਾਰ ਦੀ ਡਿਊਟੀ ਜਾਇਨ ਕਰ ਲਈ। ਇਸ ਕਾਲਜ ਵਿੱਚ 1984 ਤੱਕ ਪੜ੍ਹਾਇਆ। ਉਨ੍ਹਾਂ ਦੀ ਬਦਲੀ 1984 ਵਿੱਚ ਸਰਕਾਰੀ ਕਾਲਜ ਮੋਹਾਲੀ ਦੀ ਹੋ ਗਈ। ਇਥੋਂ ਹੀ ਉਹ 2003 ਵਿੱਚ ਸੇਵਾ ਮੁਕਤ ਹੋਏ ਹਨ। ਇਸ ਤਰ੍ਹਾਂ ਫੂਲ ਚੰਦ ਮਾਨਵ ਆਪਣੀ ਮਿਹਨਤ ਅਤੇ ਸਿਆਣਪ ਕਰਕੇ ਪੌੜੀ ਦਰ ਪੌੜੀ ਚੜ੍ਹਕੇ ਬੁਲੰਦੀਆਂ ‘ਤੇ ਪਹੁੰਚ ਗਏ। ਉਨ੍ਹਾਂ ਦਾ ਅਨੁਵਾਦ ਦੇ ਖੇਤਰ ਵਿੱਚ ਕਾਫੀ ਨਾਮ ਹੈ। ਉਹ 1965 ਤੋਂ ਆਲ ਇੰਡੀਆ ਰੇਡੀਓ ਅਤੇ 1975 ਤੋਂ ਜਲੰਧਰ ਦੂਰ ਦਰਸ਼ਨ ‘ਤੇ ਹੁਣ ਤੱਕ ਲਗਾਤਾਰ ਸਰਗਰਮੀ ਨਾਲ ਆਪਣੀਆਂ ਰਚਨਾਵਾਂ ਪ੍ਰਸਾਰਤ ਅਤੇ ਟੈਲੀਕਾਸਟ ਕਰਦੇ ਆ ਰਹੇ ਹਨ। ਉਹ ਦੋ ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਫ਼ੈਲੋ ਅਧਿਆਪਕ ਵੀ ਰਹੇ ਹਨ।
ਉਨ੍ਹਾਂ ਨੇ ਐਮ.ਫਿਲ.ਹਿੰਦੀ ਅਤੇ ਪੀ.ਐਚ.ਡੀ ਵੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੱਤਰਕਾਰੀ ਵਿੱਚ ਵੀ ਪੋਸਟ ਗ੍ਰੈਜੂਏਸ਼ਨ ਕੀਤੀ। 77 ਸਾਲ ਦੀ ਉਮਰ ਵਿੱਚ ਵੀ ਉਹ ਕਾਰਜ਼ਸ਼ੀਲ ਹਨ। ਉਨ੍ਹਾਂ ਦੀ ਸ਼ਾਦੀ ਪ੍ਰੋ ਯੋਗੇਸ਼ਵਰ ਕੌਰ ਨਾਲ ਹੋਈ ਜੋ ਖੁਦ ਵੀ ਸਾਹਿਤਕਾਰ ਹਨ। ਉਨ੍ਹਾਂ ਦੀਆਂ ਦੋ ਲੜਕੀਆਂ ਪ੍ਰਵੀਨ ਸਿੰਘ ਅੰਗਰੇਜ਼ੀ ਦੇ ਲੈਕਚਰਾਰ ਅਤੇ ਛੋਟੀ ਬੇਟੀ ਡਾ.ਮਮਤਾ ਮਾਨਵ ਛਤਵਾਲ ਹਨ। ਇੱਕ ਲੜਕਾ ਯੋਗੇਸ਼ ਮਾਨਵ ਸਿਡਨੀ ਵਿੱਚ ਕੰਮ ਕਰ ਰਿਹਾ ਹੈ। ਉਸਦੀ ਪਤਨੀ ਹਰਮੀਤ ਕੌਰ ਸਿਡਨੀਂ ਵਿੱਚ ਲੀਗਲ ਅਡਵਾਈਜ਼ਰ ਹਨ। ਪੋਤਰਾ ਯੁਵਰਾਜ ਸਿੰਘ ਸਿਡਨੀ ਵਿੱਚ ਵਕਾਲਤ ਕਰ ਰਹੇ ਹਨ।
ਉਜਾਗਰ ਸਿੰਘ