ਬਰਨਾਲਾ 8 ਨਵੰਬਰ- ਬਰਨਾਲਾ ਜ਼ਿਲੇ ਤੋਂ ਸਾਬਕਾ ਸੰਸਦੀ ਸਕੱਤਰ ਤੇ ਐਸਜੀਪੀਸੀ ਮੈਂਬਰ ਬਲਵੀਰ ਸਿੰਘ ਘੁੰਨਸ ਨੇ ਅੱਜ ਬਾਦਲਾਂ ਵਿਰੁੱਧ ਬਗਾਵਤ ਕਰਕੇ ਬੀਬੀ ਜਗੀਰ ਕੌਰ ਦਾ ਖੁੱਲਕੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਤੋਂ ਬਰਖਾਸਤ ਕੀਤੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਦੇ ਨਾਲ ਸੰਤ ਘੁੰਨਸ ਨੇ ਆਪਣੇ ਗ੍ਰਹਿ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਐਸਜੀਪੀਸੀ ਪ੍ਰਧਾਨ ਦੀ ਭਲਕੇ ਹੋਣ ਵਾਲੀ ਚੋਣ ਵਿੱਚ ਬਾਦਲਾਂ ਦੇ ਪ੍ਰਧਾਨ ਦਾ ਵਿਰੋਧ ਕੀਤਾ ਜਾਵੇਗਾ। ਉਨਾਂ ਬੀਬੀ ਜਗੀਰ ਕੌਰ ਵਲੋਂ ਕੀਤੀ ਬਗਾਵਤ ਦੀ ਵੀ ਤਾਰੀਫ ਕੀਤੀ। ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨੂੰ ਲੈ ਕੇ ਉਹ ਲੰਬੇ ਸਮੇਂ ਤੋਂ ਬੇਚੈਨੀ ਵਿੱਚ ਸਨ ਅਤੇ ਮਨ ਦਾ ਭਾਰ ਹਲਕਾ ਕਰਨ ਲਈ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਮੁਆਫੀ ਮੰਗਾਂਗਾ, ਹੋਰਨਾਂ ਐਸਜੀਪੀਸੀ ਮੈਂਬਰਾਂ ਨੂੰ ਵੀ ਜ਼ਮੀਰ ਦੀ ਆਵਾਜ਼ ਸੁਣ ਕੇ ਪ੍ਰਧਾਨਗੀ ਲਈ ਵੋਟ ਕਰਨ ਦੀ ਅਪੀਲ ਕੀਤੀ।
ਸਿਰਫ ਇੱਕ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਅਕਾਲੀ ਦਲ ਤੇ ਐਸਜੀਪੀਸੀ ਦੇ ਮਾੜੇ ਹਾਲਾਤ ਵਿੱਚ ਜਾਣ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾਇਆ। ਸੰਤ ਘੁੰਨਸ ਨੇ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਬਣਾਈ ਸੀ। ਇਸ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ। ਸੰਤ ਘੁੰਨਸ ਨੇ ਕਿਹਾ ਕਿ ਉਹਨਾਂ ਦਾ ਜਨਮ ਅਕਾਲੀ ਦਲ ਵਿੱਚ ਹੀ ਹੋਇਆ ਤੇ ਅਕਾਲੀ ਦਲ ਲਈ ਜੇਲਾਂ ਵੀ ਕੱਟੀਆਂ ਤੇ ਅੱਜ ਵੀ ਅਕਾਲੀ ਦਲ ਵਿੱਚ ਹੀ ਡਟ ਕੇ ਖੜੇ ਹਾਂ। ਉਹਨਾਂ ਇਸ ਬਗਾਵਤ ਤੇ ਪਾਰਟੀ ਵਲੋਂ ਕਾਰਵਾਈ ਹੋਣ ਸਬੰਧੀ ਕਿਹਾ ਕਿ ਕਾਰਵਾਈ ਕਰਨ ਵਾਲਿਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਉਥੇ ਇਸ ਮੌਕੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸਪੱਸ਼ਟ ਤੌਰ ਤੇ ਕੱਲ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਸੰਤ ਬਲਵੀਰ ਸਿੰਘ ਘੁੰਨਸ ਤੇ ਖੁਦ ਬੀਬੀ ਜਗੀਰ ਕੌਰ ਦਾ ਸਮੱਰਥਨ ਕਰਨ ਦਾ ਐਲਾਨ ਕੀਤਾ।