ਜਲੰਧਰ/ਭੁਲੱਥ – ਪੰਥ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਅੱਜ ਤਕ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਨਾ ਹੀ ਕਈ ਅਜਿਹੇ ਮਸਲਿਆਂ ਬਾਰੇ ਚਿੰਤਨ ਕੀਤਾ ਗਿਆ, ਜੋ ਕਿ ਬਹੁਤ ਜ਼ਰੂਰੀ ਹੈ, ਇਸ ਲਈ ਪੰਥ ਦੇ ਕੰਮਾਂ ਨੂੰ ਪੂਰੀ ਲਗਨ ਨਾਲ ਪੂਰਾ ਕਰਨ ਲਈ ਮੈਂ ਚੋਣ ਦੀ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਉਕਤ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਪਾਰਟੀ ਵਿਰੁੱਧ ਬਗਾਵਤੀ ਸੁਰ ਚੁੱਕਣ ਵਾਲੀ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਕਹੀ। ਉਨ੍ਹਾਂ ਇਸ ਦੌਰਾਨ ਪੰਥ ਦੇ ਰੁਕੇ ਕੰਮਾਂ ਨੂੰ ਚੋਣ ਮੈਨੀਫ਼ੈਸਟੋ ਜ਼ਰੀਏ ਪੂਰਾ ਕਰਨ ਦਾ ਬਿਓਰਾ ਵੀ ਮੀਡੀਆ ਸਾਹਮਣੇ ਪੇਸ਼ ਕੀਤਾ।
ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਉਹ ਇਕ ਅਜਿਹਾ ਪਲੇਟਫਾਰਮ ਤਿਆਰ ਕਰ ਸਕਣ, ਜਿਸ ਨਾਲ ਪੰਥ ਦੇ ਕੰਮ ਜੋ ਕਿ ਸਾਲਾਂ ਤੋਂ ਰੁਕੇ ਪਏ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇਕ ਸਾਂਝਾ ਮਾਹੌਲ ਬਣ ਸਕੇ। ਇਨ੍ਹਾਂ ’ਚ ਪੰਥ ਦੇ ਕਈ ਸਾਂਝੇ ਮੁੱਦੇ-ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰਨਾ ਹੈ। ਇਸ ਕੰਮ ਲਈ ਗੈਰ-ਸਿਆਸੀ ਪਰ ਪ੍ਰਮੁੱਖ ਸਿੱਖ ਹਸਤੀਆਂ ਨੂੰ ਸ਼ਾਮਲ ਕਰਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਰਿਆਦਾ ’ਤੇ ਪਹਿਰਾ ਦੇਣਾ ਹੈ ਤਾਂ ਪੰਥ ਨੂੰ ਦੋਫਾੜ ਕਰਨ ਵਾਲੀਆਂ ਤਾਕਤਾਂ ਨੂੰ ਮੂੰਹਤੋੜ ਜਵਾਬ ਦੇਣਾ ਹੋਵੇਗਾ।