ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ ਐਮਐਸਪੀ ਭੁਗਤਾਨ ਕੀਤਾ – ਲਾਲ ਚੰਦ ਕਟਾਰੂਚੱਕ

ਸੂਬੇ ’ਚ ਝੋਨੇ ਦੀ ਖਰੀਦ 140 ਲੱਖ ਮੀਟਰਿਕ ਟਨ ਤੋਂ ਪਾਰ : ਖੁਰਾਕ ਤੇ ਸਿਵਲ ਸਪਲਾਈ ਮੰਤਰੀ

ਚੰਡੀਗੜ੍ਹ –

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਖ਼ਰੀਦ ਕਰਨ ਲਈ ਕੀਤੀ ਵਚਨਬੱਧਤਾ ਦੇ ਮੱਦੇਨਜ਼ਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਸੀਜਨ ਦੌਰਾਨ ਕੱਲ ਇੱਕੋ ਦਿਨ ਵਿੱਚ ਲਗਭਗ 1,84,409 ਕਿਸਾਨਾਂ ਦੇ ਖਾਤਿਆਂ ਵਿੱਚ 5334.54 ਕਰੋੜ ਰੁਪਏ ਦੀ ਐੱਮ.ਐੱਸ.ਪੀ. ਅਦਾਇਗੀ ਸਿੱਧੇ ਤੌਰ ‘ਤੇ ਜਾਰੀ ਕਰ ਦਿੱਤੀ ਗਈ ਹੈ, ਜਦਕਿ 1500 ਕਰੋੜ ਰੁਪਏ ਦੀ ਅਦਾਇਗੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜੋ ਕਿ ਸੋਮਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਤੋਂ ਬਾਅਦ ਜਾਰੀ ਕਰ ਦਿੱਤੇ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਬੀਤੇ ਕੱਲ੍ਹ ਤੱਕ ਇਸ ਸੀਜ਼ਨ ਦੇ 144 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਦਾਇਗੀਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਕੁੱਲ 25424.86 ਕਰੋੜ ਰੁਪਏ ਦੀਆਂ ਐਮ.ਐਸ.ਪੀ. ਅਦਾਇਗੀਆਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ ਲਗਭਗ 6.5 ਲੱਖ ਕਿਸਾਨ ਐਮ.ਐਸ.ਪੀ. ਦਾ ਲਾਭ ਉਠਾ ਚੁੱਕੇ ਹਨ। ਉਨਾਂ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਖ਼ੂਨ-ਪਸੀਨੇ ਨਾਲ ਪੈਦਾ ਕੀਤੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਨਵੰਬਰ ਲਈ ਨਕਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਨਜ਼ੂਰੀ ਦੇ ਨਾਲ, ਐਮ.ਐਸ.ਪੀ. ਭੁਗਤਾਨ ਨਿਰਵਿਘਨ ਕਰਨਾ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਝਾ ਖੇਤਰ ਵਿੱਚ ਲਗਭਗ ਸਾਰੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਹੋ ਚੁੱਕੀ ਹੈ ਅਤੇ ਹੁਣ ਸਭ ਤੋਂ ਵੱਧ ਝੋਨੇ ਦੀ ਆਮਦ ਮਾਲਵਾ ਖੇਤਰ ਵਿੱਚ ਹੋ ਰਹੀ ਹੈ। ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 72 ਘੰਟੇ ਪਹਿਲਾਂ ਖਰੀਦੇ ਗਏ ਝੋਨੇ ਵਿੱਚੋਂ 98 ਫੀਸਦੀ ਤੋਂ ਵੱਧ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *