ਜੀ-20 ਸੰਮਲੇਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਸਬ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ

ਚੰਡੀਗੜ੍ਹ –

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਸੰਮੇਲਨ ਦੀਆਂ ਤਿਆਰੀਆਂ ਦੀ ਨਿਗਰਾਨੀ ਲਈ ਸੂਬਾ ਸਰਕਾਰ ਵੱਲੋਂ ਗਠਨ ਕੀਤੀ ਗਈ ਸਬ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ 2022 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜ਼ੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸ਼ੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਇਸੇ ਮਕਸਦ ਨਾਲ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਇਕ ਸਬ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪੰਜਾਬ ਰਾਜ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿੱਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਿਲ ਹੋਣਗੇ। ਇਸ ਵਿਚ ਸਿਖਿਆ,ਕਿਰਤ ਅਤੇ ਹੋਰ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ। ਜਿਸਦਾ ਰਾਜ ਦੇ ਲੋਕਾਂ ਨੂੰ ਲਾਭ ਪਹੁੰਚੇਗਾ।

ਉਹਨਾਂ ਨੇ ਇਹ ਵੀ ਦੱਸਿਆ ਕਿ ਜੀ- 20 ਸਿਖਰ ਸੰਮੇਲਨ ਦੀ ਤਿਆਰੀ ਲਈ ਅੰਮ੍ਰਿਤਸਰ ਦਾ ਸੁੰਦਰੀਕਰਨ ਕਰਨ ਲਈ ਵਿਕਾਸ ਦੇ ਕੰਮ ਕੀਤੇ ਜਾਣਗੇ ਜੋ ਕਿ ਅਵਲ ਦਰਜੇ ਦੇ ਹੋਣਗੇ।


Leave a Reply

Your email address will not be published. Required fields are marked *