ਅੰਮ੍ਰਿਤਸਰ: ਸੁਧੀਰ ਸੂਰੀ ਦਾ ਮ੍ਰਿਤਕ ਸਰੀਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਜਿਥੇ ਤਿੰਨ ਮਾਹਰ ਡਾਕਟਰਾਂ ਦੀ ਟੀਮ ਵਲੋਂ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ ਚਾਰ ਗੋਲੀਆਂ ਲੱਗੀਆਂ ਸਨ। ਜਿਸ ਵਿੱਚੋਂ ਇਕ ਗੋਲੀ ਮੋਢੇ ਤੇ ਇਕ ਗੋਲੀ ਢਿੱਡ ਵਿੱਚ ਲੱਗੀ ਹੈ ਅਤੇ ਦੋ ਗੋਲੀਆਂ ਛਾਤੀ ਦੇ ਕੋਲ ਲੱਗੀਆਂ ਹਨ। ਮੈਡੀਕਲ ਕਾਲਜ ਦੇ ਬਾਹਰ ਪੁਲਿਸ ਵਲੋਂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਮੌਕੇ ‘ਤੇ ਹੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੂਣ ਪਾਲ ਸਿੰਘ ਵੀ ਪਹੁੰਚ ਚੁੱਕੇ ਹਨ।
ਮੈਡੀਕਲ ਕਾਲਜ ਦੇ ਬਾਹਰ ਭਾਰੀ ਮਾਤਰਾ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਦੇਖਦੇ ਹੋਏ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ, ਰਾਸ਼ਟਰੀ ਯੂਥ ਪ੍ਰਧਾਨ ਹਰਦੀਪ ਹੈਪੀ, ਹਿੰਦੂ ਨੇਤਾ ਵਿਕਰਮ ਗੰਦੋਤਰਾ ਤੇ ਹੋਰ ਨੇਤਾਵਾਂ ਨੇ ਪੁਲਿਸ ਦੀ ਢਿੱਲੀ ਕਾਰਵਾਈ ‘ਤੇ ਦੋਸ਼ ਲਗਾਇਆ ਕਿ ਪੁਲਿਸ ਦੀ ਮੌਜੂਦਗੀ ਵਿਚ ਹੀ ਸੂਰੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਹੈ ਕਿ ਸੁਧੀਰ ਸੂਰੀ ਲੰਮੇਂ ਸਮੇਂ ਤੋਂ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰਦੇ ਰਹੇ ਹਨ, ਪਰ ਪੁਲਿਸ ਵਲੋਂ ਸੁਰੱਖਿਆ ਵਿਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ ਤੇ ਹੁਣ ਸੂਰੀ ਦੀ ਹੱਤਿਆ ਹੋ ਜਾਣ ਦੇ ਬਾਅਦ ਪੁਲਿਸ ਵਲੋਂ ਭਾਰੀ ਫੋਰਸ ਤਾਇਨਾਤ ਕਰਕੇ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ।