ਚੰਡੀਗੜ੍ਹ : ਪੰਜਾਬ ਭਾਜਪਾ ਨੇ ਸੂਬੇ ਦੇ ਸੀਐੱਮ ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਮਾਚਲ ‘ਚ ਦਿੱਤੀ ਗਈ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਆਗੂ ਸੁਨੀਲ ਜਾਖੜ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ। ਸੁਨੀਲ ਜਾਖੜ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਵੀਰਵਾਰ ਨੂੰ ਰੋਡ ਸ਼ੋਅ ਕਰਨ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ਦਾ ਫੋਟੋ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ।
ਸੋਲਨ ‘ਚ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਨਾਲ ਨਹੀਂ ਸਨ। ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਲਾਇਆ ਗਿਆ ਸੀ, ਜਦੋਂਕਿ ਕੇਜਰੀਵਾਲ ਦੀ ਪਹਿਰੇ ਮਾਨ ਦੇ ਸੁਰੱਖਿਆ ਮੁਲਾਜ਼ਮ ਸਨ। ਜਾਖੜ ਨੇ ਵੀ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਸੁਰੱਖਿਆ ਨੂੰ ਲੈ ਕੇ ਪਿਛਲੇ ਦਿਨੀਂ ਵਿਵਾਦਾਂ ‘ਚ ਘਿਰੇ ਰਹੇ ਹਨ। ਗੁਜਰਾਤ ‘ਚ ਜਦੋਂ ਉਸ ਨੇ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਪੁਰਾਣੀ ਵੀਡੀਓ ਸ਼ੇਅਰ ਕਰ ਕੇ ਪੰਜਾਬ ਵਿੱਚ ਵੀ ਹਮਲਾ ਕੀਤਾ ਗਿਆ, ਕਿਉਂਕਿ ਕੇਜਰੀਵਾਲ ਨੂੰ ਪੰਜਾਬ ਅਤੇ ਦਿੱਲੀ ਦੋਵਾਂ ਜਗ੍ਹਾ ‘ਤੇ ਜ਼ੈੱਡ ਸੁਰੱਖਿਆ ਹੈ।