ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ

ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਦੁਪਹਿਰ 12 ਵਜੇ ਕੀਤਾ ਜਾਵੇਗਾ। ਚੋਣ ਕਮਿਸ਼ਨ ਅੱਜ ਦੁਪਹਿਰ 12 ਵਜੇ ਦਿੱਲੀ ਦੇ ਅਕਾਸ਼ਵਾਣੀ ਭਵਨ ਦੇ ਰੰਗ ਭਵਨ ਆਡੀਟੋਰੀਅਮ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਚੋਣਾਂ ਦੇ ਸਮੁੱਚੇ ਕਾਰਜਕ੍ਰਮ ਦਾ ਐਲਾਨ ਕਰੇਗਾ। ਚੋਣ ਕਮਿਸ਼ਨ ਨੇ ਇਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ‘ਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਸਿਆਸੀ ਪਾਰਟੀਆਂ ਅੰਦਰ ਇਸ ਸਵਾਲ ਦੀ ਚਰਚਾ ਹੋ ਰਹੀ ਹੈ ਕਿ ਕੀ ਗੁਜਰਾਤ ਵਿੱਚ 2017 ਵਾਂਗ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ।

ਗੁਜਰਾਤ ਵਿਧਾਨ ਸਭਾ ਵਿੱਚ ਕੁੱਲ 182 ਸੀਟਾਂ ਹਨ ਅਤੇ ਬਹੁਮਤ ਦਾ ਜਾਦੂਈ ਅੰਕੜਾ 92 ਹੈ। 2017 ਦੀਆਂ ਚੋਣਾਂ ਵਿੱਚ ਭਾਜਪਾ ਨੇ 99 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਵਿਰੋਧੀ ਧਿਰ ਕਾਂਗਰਸ ਨੂੰ 77 ਅਤੇ ਹੋਰਨਾਂ ਨੂੰ ਛੇ ਸੀਟਾਂ ਮਿਲੀਆਂ ਹਨ। ਕਾਬਿਲੇਗੌਰ ਹੈ ਕਿ ਸਾਰੇ ਸਵਾਲਾਂ ਤੇ ਅਟਕਲਾਂ ਦੇ ਵਿਚਕਾਰ ਸੱਤਾਧਾਰੀ ਭਾਜਪਾ, ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ-ਵਰਕਰ ਵੀ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਵੋਟਰਾਂ ਨੂੰ ਲੁਭਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸਾਰੇ ਦਿੱਗਜ ਨੇਤਾ ਲਗਾਤਾਰ ਚੋਣ ਪ੍ਰਚਾਰ ‘ਚ ਨਜ਼ਰ ਆ ਰਹੇ ਹਨ। ਜਦੋਂਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।

 ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ ਸੀ। ਗੁਜਰਾਤ ‘ਚ ਕਰੀਬ 25 ਸਾਲਾਂ ਤੋਂ ਰਾਜ ਕਰ ਰਹੀ ਭਾਜਪਾ ਮੋਰਬੀ ‘ਚ ਪੁਲ ਡਿੱਗਣ ਤੋਂ ਬਾਅਦ ਬੈਕ ਫੁੱਟ ‘ਤੇ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *