ਮਾਨਸਾ, 31 ਅਕਤੂਬਰ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੇ ਮੁਲਜ਼ਮ ਅਤੇ ਗੈਂਗਸਟਰ ਦੀਪਕ ਟੀਨੂੰ ਦਾ ਮਾਨਸਾ ਪੁਲਿਸ ਨੂੰ 8 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਦੱਸ ਦੇਈਏ ਕਿ ਟੀਨੂੰ 1-2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਉਦੋਂ ਫ਼ਰਾਰ ਹੋ ਗਿਆ ਸੀ, ਜਦੋਂ ਸੀ.ਆਈ.ਏ. ਸਟਾਫ਼ ਦਾ ਇੰਚਾਰਜ ਪਿ੍ਰਤਪਾਲ ਸਿੰਘ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ ’ਚ ਲਿਆਇਆ ਸੀ । ਟੀਨੂੰ ਨੂੰ 19 ਅਕਤੂਬਰ ਨੂੰ ਦਿੱਲੀ ਸਪੈਸ਼ਲ ਸੈੱਲ ਪੁਲਿਸ ਵਲੋਂ ਰਾਜਸਥਾਨ ਦੇ ਪਿੰਡ ਕੇਕੜੀ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਰਿਮਾਂਡ ਖ਼ਤਮ ਹੋਣ ਉਪਰੰਤ ਬੀਤੀ ਦੇਰ ਰਾਤ ਮਾਨਸਾ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਇੱਥੇ ਲਿਆਈ ਸੀ।
ਅੱਜ ਸਵੇਰ ਸਮੇਂ ਉਸ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਵਾ ਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਕਥਿਤ ਦੋਸ਼ੀ ਦਾ 9 ਨਵੰਬਰ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਪਰਾਧੀ ਤੋਂ ਏ.ਜੀ.ਟੀ.ਐਫ. ਤੇ ਸਿੱਟ ਦੀ ਟੀਮ ਸਾਂਝੇ ਤੌਰ ’ਤੇ ਖਰੜ ਜਾਂ ਰਾਜਪੁਰਾ ਸੀ.ਆਈ.ਏ. ਸਟਾਫ਼ ਵਿਖੇ ਪੁੱਛ-ਗਿੱਛ ਕਰੇਗੀ।