ਨਵੀਂ ਦਿੱਲੀ, 18 ਅਕਤੂਬਰ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਨਸ਼ਾ ਤਸਕਰਾਂ, ਦਹਿਸ਼ਤਗਰਦਾਂ ਤੇ ਗੈਂਗਸਟਰਾਂ ਵਿਚਲੇ ਗੱਠਜੋੜ ਤੋਂ ਪਰਦਾ ਚੁੱਕਣ ਦੇ ਇਰਾਦੇ ਨਾਲ ਅੱਜ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ 50 ਤੋਂ ਵੱਧ ਟਿਕਾਣਿਆਂ ’ਤੇ ਇਕੋ ਵੇਲੇ ਛਾਪੇ ਮਾਰੇ। ਐੱਨਆਈਏ ਟੀਮ ਗੈਂਗਸਟਰਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੀ ਐਡਵੋਕੇਟ ਸ਼ੈਲੀ ਸ਼ਰਮਾ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਵੀ ਪੁੱਜੀ। ਟੀਮ ਨੇ ਐਡਵੋਕੇਟ ਦੇ ਲੈਪਟਾਪ, ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤੇ ਦੋ ਮੋਬਾਈਲ ਕਬਜ਼ੇ ਵਿੱਚ ਲੈ ਲਏ। ਏਜੰਸੀ ਨੇ ਰਾਜਸਥਾਨ ਦੇ ਚੁਰੂ ਵਿੱਚ ਸੰਪਤ ਨਹਿਰਾ, ਹਰਿਆਣਾ ਵਿੱਚ ਗੈਂਗਸਟਰ ਨਰੇਸ਼ ਸੇਠੀ ਦੇ ਝੱਜਰ ਅਤੇ ਸੁਰੇਂਦਰ ਉਰਫ਼ ਚੀਕੂ ਦੇ ਨਾਰਨੌਲ, ਦਿੱਲੀ ਵਿੱਚ ਬਵਾਨਾ ਦੇ ਨਵੀਨ ਉਰਫ਼ ਬਾਲੀ, ਬਾਹਰੀ ਦਿੱਲੀ ਦੇ ਤਾਜਪੁਰ ਵਿੱਚ ਅਮਿਤ ਉਰਫ਼ ਦਬੰਗ, ਗੁਰੂਗ੍ਰਾਮ ਦੇ ਅਮਿਤ ਡਾਗਰ, ਉੱਤਰ ਪੂਰਬੀ ਦਿੱਲੀ ਵਿੱਚ ਸੰਦੀਪ ਉਰਫ਼ ਬਾਂਦਰ ਅਤੇ ਸਲੀਮ ਉਰਫ ਪਿਸਟਲ ਅਤੇ ਯੂਪੀ ਵਿੱਚ ਖੁਰਜਾ ਦੇ ਕੁਰਬਾਨ ਤੇ ਰਿਜ਼ਵਾਨ ਦੇ ਟਿਕਾਣਿਆਂ ’ਤੇ ਦਸਤਕ ਦਿੱਤੀ। ਛਾਪੇਮਾਰੀ ਦੌਰਾਨ ਇਨ੍ਹਾਂ ਦੇ ਸੰਗੀ ਸਾਥੀਆਂ ਦੇ ਟਿਕਾਣਿਆਂ ਦੀ ਵੀ ਫਰੋਲਾ-ਫਰਾਲੀ ਕੀਤੀ ਗਈ। ਪੁਲੀਸ ਸੂਤਰਾਂ ਨੇ ਕਿਹਾ ਕਿ ਪੰਜਾਬ ਦੇ ਬਠਿੰਡਾ ਵਿੱਚ ਛਾਪੇਮਾਰੀ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਤੇ ਕਥਿਤ ਗੈਂਗਸਟਰ ਜਾਮਨ ਸਿੰਘ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਿੱਧੂ ਨੇ ਕਿਹਾ ਕਿ ਐੱਨਆਈਏ ਟੀਮ ਨੇ ਉਸ ਦੀ ਰਿਹਾਇਸ਼ ਦੀ ਤਲਾਸ਼ੀ ਲਈ ਜਦੋਂਕਿ ਕਬੱਡੀ ਪ੍ਰਮੋਟਰ ਜੰਡੀਆਂ ਨੇ ਦਾਅਵਾ ਕੀਤਾ ਕਿ ਏਜੰਸੀ ਦੀ ਟੀਮ ਉਸ ਦਾ ਮੋਬਾਈਲ ਫੋਨ ਲੈ ਗਈ। ਐੱਨਆਈਏ ਤਰਜਮਾਨ ਨੇ ਕਿਹਾ, ‘‘ਇਨ੍ਹਾਂ ਛਾਪਿਆਂ ਦਾ ਮੁੱਖ ਮੰਤਵ ਦੇਸ਼-ਵਿਦੇਸ਼ ਵਿੱਚ ਦਹਿਸ਼ਤਗਰਦਾਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਵਧ ਫੁੱਲ ਰਹੇ ਗੱਠਜੋੜ ਨੂੰ ਤੋੜਨਾ ਹੈ।’’ ਤਰਜਮਾਨ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ ਵਿੱਚ ਅਧਾਰਿਤ ਕੁਝ ਗਰੋਹ ਸਰਗਨਿਆਂ, ਜੋ ਦਹਿਸ਼ਤੀ ਤੇ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ, ਦੀ ਪਛਾਣ ਕੀਤੀ ਗਈ ਹੈ ਤੇ ਇਨ੍ਹਾਂ ਖਿਲਾਫ਼ ਇਸ ਸਾਲ ਅਗਸਤ ਵਿਚ ਦੋ ਕੇਸ ਦਰਜ ਕੀਤੇ ਗਏ ਸਨ। ਛਾਪਿਆਂ ਦੌਰਾਨ ਇਨ੍ਹਾਂ ਗੈਂਗਸਟਰਾਂ ਦੇ ਕੁਝ ਸਹਾਇਕਾਂ, ਜੋ ਗੈਰਕਾਨੂੰਨੀ ਸ਼ਰਾਬ ਸਪਲਾਈ ਮਾਫ਼ੀਆ ਦਾ ਹਿੱਸਾ ਹਨ, ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਵਿਚ ਰਾਜੇਸ਼ ਉਰਫ਼ ਰਾਜੂ ਮੋਟਾ ਵਾਸੀ ਪਿੰਡ ਬਸੋੜੀ ਸੋਨੀਪਤ ਵੀ ਸ਼ਾਮਲ ਹਨ। ਏਜੰਸੀ ਨੇ ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਖੇਤਰ ਦੇ ਗੌਤਮ ਵਿਹਾਰ ਵਿੱਚ ਐਡਵੋਕੇਟ ਆਸਿਫ਼ ਖ਼ਾਨ ਦੇ ਘਰ ਵਿੱਚ ਮਾਰੇ ਛਾਪੇ ਦੌਰਾਨ ਪੰਜ ਪਿਸਤੌਲ/ਰਿਵਾਲਵਰ ਤੇ ਕੁਝ ਗੋਲੀਸਿੱਕਾ ਵੀ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਬੁਲੰਦਸ਼ਹਿਰ (ਯੂਪੀ) ਦੇ ਖੁਰਜਾ ਵਿੱਚੋਂ ਛਾਪਮਾਰ ਟੀਮਾਂ ਨੇ ਭੜਕਾਊ ਦਸਤਾਵੇਜ਼, ਡਿਜੀਟਲ ਯੰਤਰ, ਬੇਨਾਮੀ ਜਾਇਦਾਦ ਦੀ ਤਫ਼ਸੀਲ, ਨਗ਼ਦੀ, ਸੋਨੇ ਦੀਆਂ ਇੱਟਾਂ ਤੇ ਗਹਿਣੇ ਬਰਾਮਦ ਕੀਤੇ ਹਨ। ਜਾਂਚ ਏਜੰਸੀ ਨੇ ਧਮਕੀ ਭਰੇ ਪੱਤਰ ਮਿਲਣ ਦਾ ਵੀ ਦਾਅਵਾ ਕੀਤਾ ਹੈ।-ਪੀਟੀਆਈ
Related Posts
ਬ੍ਰੇਕਾਂ ਫੇਲ੍ਹ ਹੋਣ ਕਾਰਨ ਬੱਸ ਉਡੀਕ ਘਰ ਦੇ ਸ਼ੈੱਡ ਨਾਲ ਟਕਰਾਈ, 3 ਲੋਕਾਂ ਦੀ ਮੌਤ
ਬਟਾਲਾ : ਸੋਮਵਾਰ ਬਾਅਦ ਦੁਪਹਿਰ ਬਟਾਲਾ ਦੇ ਕਾਦੀਆਂ ਰੋਡ ਨੇੜੇ ਪਿੰਡ ਸ਼ਾਹਬਾਦ ਵਿਖੇ ਵਾਪਰੇ ਭਿਆਨਕ ਹਾਦਸੇ ‘ਚ ਇਕ ਬੱਚੇ ਸਮੇਤ…
CM ਮਾਨ ਦਾ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਕੀਤਾ ਐਲਾਨ
ਬਰਨਾਲਾ : ਰੱਖੜੀ ਦੇ ਤਿਉਹਾਰ (Raksha Bandhan Festival) ਮੌਕੇ ਪੰਜਾਬ ਦੀਆਂ ਮਹਿਲਾਵਾਂ (Punjab Women) ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ…
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕਤੱਰਤਾ ਮਗਰੋਂ ਸਿੰਘ ਸਾਹਿਬਾਨਾਂ ਦਾ ਅਹਿਮ ਬਿਆਨ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਦੇ ਚਲੰਤ ਮਾਮਲਿਆਂ ਸਬੰਧੀ ਵਿਚਾਰ ਕਰਨ ਲਈ ਬੁਲਾਈ ਗਈ ਵਿਦਵਾਨਾਂ ਦੀ ਇਕੱਤਰਤਾ ਵਿਚ…