ਐੱਸ.ਆਈ.ਟੀ. ਦੇ ਕੁਝ ਮੈਂਬਰਾਂ ਨੇ ਅਚਾਨਕ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਪੁੱਜ ਕੇ ਘਟਨਾ ਸਥਾਨ ਨੇੜੇ ਕਾਫੀ ਥਾਵਾਂ ਦੀ ਕੀਤੀ ਮਿਣਤੀ

ਕੋਟਕਪੂਰਾ- ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਤੋਂ ਬਾਅਦ ਹੋਂਦ ਵਿੱਚ ਆਈ ਐੱਸ.ਆਈ.ਟੀ. ਦੇ ਕੁਝ ਮੈਂਬਰਾਂ ਨੇ ਅੱਜ ਅਚਾਨਕ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਪੁੱਜ ਕੇ ਘਟਨਾ ਸਥਾਨ ਨੇੜੇ ਕਾਫੀ ਥਾਵਾਂ ਦੀ ਮਿਣਤੀ ਕੀਤੀ। ਐੱਸ.ਆਈ.ਟੀ. ਦੇ ਮੁਖੀ ਏਡੀਜੀਪੀ ਐੱਲ.ਕੇ. ਯਾਦਵ ਵਲੋਂ ਭੇਜੀ ਗਈ ਗੁਲਨੀਤ ਸਿੰਘ ਖੁਰਾਣਾ ਐਸਐਸਪੀ ਮੋਗਾ ਦੀ ਅਗਵਾਈ ਵਾਲੀ ਟੀਮ ਵਿੱਚ ਫੌਰੈਂਸਿਕ ਦੇ ਮੈਂਬਰ ਵੀ ਸ਼ਾਮਲ ਸਨ। ਪੱਤਰਕਾਰਾਂ ਵਲੋਂ ਸੰਪਰਕ ਕਰਨ ਦੀ ਕੌਸ਼ਿਸ਼ ਦੇ ਬਾਵਜੂਦ ਵੀ ਉਹਨਾ ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਮੀਡੀਏ ਤੋਂ ਪੂਰੀ ਤਰਾਂ ਦੂਰੀ ਬਣਾਈ ਰੱਖੀ ਅਤੇ ਆਪਣਾ ਕੰਮ ਕਰਦੇ ਰਹੇ। ਫੌਰੈਂਸਿਕ ਟੀਮ ਵਾਲਿਆਂ ਨੇ ਬੱਤੀਆਂ ਵਾਲਾ ਚੌਂਕ ਵਿੱਚ ਘਟਨਾ ਸਥਾਨ ਦੀ ਮਿਣਤੀ ਦੇ ਨਾਲ ਨਾਲ ਵੀਡੀਉਗ੍ਰਾਫੀ ਵੀ ਕੀਤੀ।

ਪੰਥਕ ਹਲਕੇ ਇਸ ਨੂੰ ਬਹਿਬਲ ਮੋਰਚੇ ਵਲੋਂ 14 ਅਕਤੂਬਰ ਨੂੰ ਤਿੱਖੇ ਸੰਘਰਸ਼ ਦੇ ਕੀਤੇ ਜਾ ਰਹੇ ਐਲਾਨ ਦੇ ਨਾਲ ਵੀ ਜੋੜ ਕੇ ਦੇਖ ਰਹੇ ਹਨ। ਬਹਿਬਲ ਮੋਰਚੇ ਦੇ ਆਗੂਆਂ ਨੇ ਰੋਸ ਜਾਹਰ ਕਰਦਿਆਂ ਬਕਾਇਦਾ ਆਖਿਆ ਹੈ ਕਿ ਜੇਕਰ 14 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਨਸਾਫ ਨਾ ਮਿਲਿਆ ਤਾਂ ਉਹ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ। ਉਕਤ ਐਲਾਨ ਵਿੱਚ ਸਿਰਫ ਦੋ ਦਿਨਾ ਦਾ ਸਮਾਂ ਬਾਕੀ ਹੈ। ਗੁਲਨੀਤ ਸਿੰਘ ਖੁਰਾਣਾ ਐਸਐਸਪੀ ਦੀ ਅਗਵਾਈ ਵਾਲੀ ਟੀਮ ਲੰਮਾ ਸਮਾਂ ਡੀਐਸਪੀ ਕੋਟਕਪੂਰਾ ਦੇ ਦਫਤਰ ਵਿੱਚ ਬਿਰਾਜਮਾਨ ਰਹੀ ਅਤੇ ਦਸਤਾਵੇਜਾਂ ਸਬੰਧੀ ਕਾਫੀ ਸਮਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਵਾਪਸ ਚਲੀ ਗਈ।

Leave a Reply

Your email address will not be published. Required fields are marked *