ਨਵੀਂ ਦਿੱਲੀ- 6 ਸੂਬਿਆਂ ਦੀਆਂ ਖਾਲੀ 7 ਵਿਧਾਨ ਸਭਾ ਸੀਟਾਂ ’ਤੇ 3 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇਸ ਬਾਬਤ ਅੱਜ ਯਾਨੀ ਕਿ ਸੋਮਵਾਰ ਨੂੰ ਐਲਾਨ ਕੀਤਾ ਹੈ। ਇਹ ਜ਼ਿਮਨੀ ਚੋਣਾਂ ਬਿਹਾਰ, ਮਹਾਰਾਸ਼ਟਰ, ਹਰਿਆਣਾ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਵਿਧਾਨ ਸਭਾ ਹਲਕੇ ’ਚ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੀ ਨੋਟੀਫ਼ਿਕੇਸ਼ਨ 7 ਅਕਤੂਬਰ ਨੂੰ ਜਾਰੀ ਹੋਵੇਗੀ। ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਹੋਵੇਗੀ।
ਦੱਸ ਦੇਈਏ ਕਿ ਹਰਿਆਣਾ ਦੇ ਆਦਮਪੁਰ ਦੀ ਸੀਟ ਤੋਂ ਕਾਂਗਰਸ ਟਿਕਟ ’ਤੇ ਵਿਧਾਇਕ ਰਹੇ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਹੈ। ਕੁਲਦੀਪ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਤਰ੍ਹਾਂ ਨਾਲ ਮਹਾਰਾਸ਼ਟਰ ’ਚ ਅੰਧੇਰੀ ਈਸਟ, ਬਿਹਾਰ ਦੇ ਮੋਕਾਮਾ ਅਤੇ ਗੋਪਾਲਗੰਜ, ਤੇਲੰਗਾਨਾ ਦੇ ਮੁਨੁਗੋਡੇ, ਉੱਤਰ ਪ੍ਰਦੇਸ਼ ਦੇ ਗੋਲਾ ਗੋਰਖਨਾਥ ਅਤੇ ਓਡੀਸ਼ਾ ਦੇ ਧਾਮਨਗਰ ਵਿਧਾਨ ਸਭਾ ਹਲਕੇ ’ਚ ਚੋਣਾਂ ਹੋਣਗੀਆਂ। ਕੇਂਦਰੀ ਚੋਣ ਕਮਿਸ਼ਨ ਦੀਆਂ ਇਨ੍ਹਾਂ ਤਿਆਰੀਆਂ ਦੇ ਨਾਲ ਹੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਦਾ ਬਿਗੁਲ ਵੀ ਵੱਜਣ ਦੇ ਸੰਕੇਤ ਮਿਲ ਗਏ ਹਨ। ਇਨ੍ਹਾਂ ਦੋਵਾਂ ਰਾਜਾਂ ਦੀਆਂ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ।