ਚੰਡੀਗ਼ੜ੍ਹ/ਪਟਿਆਲਾ – ਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ। ਰਾਜਪਾਲ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਾਕੇਦਾਰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਤੁਸੀਂ ਮੇਰੇ ਤੋਂ ‘ਟੂ ਮਚ’ ਨਾਰਾਜ਼ ਲੱਗ ਰਹੇ ਹਨ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਮੀਡੀਆ ਵਿਚ ਪ੍ਰਕਾਸ਼ਤ ਬਿਆਨ ਤੋਂ ਲੱਗਦਾ ਹੈ ਕਿ ਤੁਸੀਂ ਮੇਰੇ ਤੋਂ ਖਾਸੇ ਨਾਰਾਜ਼ ਹੋ। ਇੰਝ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਕਾਨੂੰਨੀ ਸਲਾਹਕਾਰ ਉਨ੍ਹਾਂ ਨੂੰ ਸਹੀ ਰਾਏ ਨਹੀਂ ਦੇ ਰਹੇ ਹਨ। ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸੰਵਿਧਾਨ ਦੀ ਧਾਰਾ 167 ਅਤੇ 168 ਦੀ ਵਿਵਸਥਾ ਨੂੰ ਉਨ੍ਹਾਂ ਦੇ ਧਿਆਨ ’ਚ ਲਿਆਉਣ ਲਈ ਭੇਜ ਰਹੇ ਹਨ, ਜਿਸ ਨੂੰ ਪੜ੍ਹ ਕੇ ਮੁੱਖ ਮੰਤਰੀ ਦੀ ਰਾਏ ਯਕੀਨਨ ਬਦਲ ਜਾਵੇਗੀ।
ਰਾਜਪਾਲ ਦੇ ਪੱਤਰ ਮੁਤਾਬਕ ਧਾਰਾ 167 ਵਿਚ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਵਿਧਾਨ ਸਭਾ ਦੀ ਕਾਰਵਾਈ ਦੀ ਜਾਣਕਾਰੀ ਦੇਣ ਦੀ ਵਿਵਸਥਾ ਦਾ ਜ਼ਿਕਰ ਹੈ ਜਦਕਿ ਧਾਰਾ 168 ਵਿਚ ਵਿਧਾਨ ਸਭਾ ਦੇ ਗਠਨ ਦਾ ਜ਼ਿਕਰ ਹੈ ਜਿਸ ਵਿਚ ਸਾਫ ਲਿਖਿਆ ਹੈ ਕਿ ਵਿਧਾਨ ਸਭਾ ਵਿਚ ਰਾਜਪਾਲ ਹੋਣਗੇ ਤਾਂ ਉਨ੍ਹਾਂ ਤੋਂ ਇਲਾਵਾ 2 ਜਾਂ 1 ਸਦਨ ਹੋ ਸਕਦਾ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਰਾਜਪਾਲ ਦੇ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਕਾਨੂੰਨੀ ਰਾਏ ਲੈ ਰਹੀ ਹੈ।