ਲੁਧਿਆਣਾ : ਪੰਜਾਬ ‘ਚ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ ਮੀਨੂੰ ਮਲਹੋਤਰਾ ‘ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਐਕਸੀਅਨ ਟੀਮ ਨਾਲ ਪੰਕਜ ਮੀਨੂੰ ਮਲਹੋਤਰਾ ਦੀ ਜਾਇਦਾਦ ਨੂੰ ਦੇਖਣ ਅਤੇ ਮਾਪਣ ਲਈ ਆਏ ਸੀ। ਮੀਨੂੰ ਮਲਹੋਤਰਾ ਕਈ ਦਿਨਾਂ ਤੋਂ ਫਰਾਰ ਹੈ ਤੇ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਬੁੱਧਵਾਰ ਨੂੰ ਪੰਕਜ ਮੀਨੂੰ ਮਲਹੋਤਰਾ ਦੀ ਨਿਊ ਮਾਡਲ ਟਾਊਨ ‘ਚ 200 ਗਜ ‘ਚ ਬਣ ਰਹੀ ਕੋਠੀ ਤੇ ਉਸ ਦੀ ਇਕ ਹੋਰ ਪ੍ਰਾਪਰਟੀ ਦੀ ਮਿਣਤੀ ਕੀਤੀ ਤੇ ਉਸ ਤੋਂ ਬਾਅਦ ਇਸ ‘ਚ ਹੋ ਰਹੀ ਉਸਾਰੀ ‘ਤੇ ਕਿੰਨਾ ਖਰਚ ਆਇਆ ਦਾ ਪੂਰਾ ਜਾਇਜ਼ਾ ਲਿਆ ਗਿਆ। ਵਿਜੀਲੈਂਸ ਦੀ ਇਸ ਤਕਨੀਕੀ ਟੀਮ ਵਿੱਚ ਐਕਸੀਅਨ ਅਤੇ ਐਸ.ਡੀ.ਓ ਪੱਧਰ ਦੇ ਅਧਿਕਾਰੀ ਹਾਜ਼ਰ ਸਨ।
ਕੁਝ ਦਿਨ ਪਹਿਲਾਂ ਪੰਕਜ ਮੀਨੂੰ ਮਲਹੋਤਰਾ ਦੇ ਘਰ ਜਵਾਹਰ ਨਗਰ ਕੈਂਪ ਅਤੇ ਉਸ ਦੇ ਵੱਖ-ਵੱਖ ਹੋਟਲਾਂ ਆਦਿ ਵਿੱਚ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਮੀਨੂੰ ਮਲਹੋਤਰਾ ਇੱਥੇ ਆਪਣੇ ਰਹਿਣ ਲਈ ਕੋਠੀ ਤਿਆਰ ਕਰ ਰਿਹਾ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਇਸ ਦੇ ਨਾਲ ਵਾਲਾ ਮਕਾਨ ਵੀ ਖਰੀਦਿਆ ਸੀ। ਇਸ ਨਾਲ ਲੱਗਦੇ ਮਕਾਨ ਨੂੰ ਉਸ ਨੇ ਆਪਣੀ ਭੈਣ ਦੇ ਨਾਂ ‘ਤੇ ਖਰੀਦਿਆ ਸੀ। ਕੱਲ੍ਹ ਟੀਮ ਹੋਰ ਜਾਇਦਾਦਾਂ ਦਾ ਬਲੂਪ੍ਰਿੰਟ ਤਿਆਰ ਕਰਨ ਲਈ ਉਨ੍ਹਾਂ ਦੀ ਵੀ ਮਿਣਤੀ ਕਰੇਗੀ ਅਤੇ ਇਸ ਦੀ ਰਿਪੋਰਟ ਲੁਧਿਆਣਾ ਵਿਜੀਲੈਂਸ ਨੂੰ ਦੇਵੇਗੀ। ਬੁੱਧਵਾਰ ਨੂੰ ਦੋ ਜਾਇਦਾਦਾਂ ਦੀ ਮਿਣਤੀ ਕੀਤੀ ਗਈ ਹੈ, ਬਾਕੀ 4 ਤੋਂ 5 ਜਾਇਦਾਦਾਂ ਦੀ ਵੀ ਭਲਕੇ ਮਿਣਤੀ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਕੋਠੀਆਂ ‘ਤੇ ਕਿੰਨਾ ਪੈਸਾ ਖਰਚ ਕੀਤਾ ਹੈ।