ਤਰਨਤਾਰਨ : ਸਾਬਕਾ ਕਾਂਗਰਸੀ ਵਿਧਾਇਕ ਅਗਨੀਹੋਤਰੀ ਦਾ ਜੱਦੀ ਪਿੰਡ ’ਚ ਹੋਇਆ ਅੰਤਿਮ ਸੰਸਕਾਰ

ਤਰਨਤਾਰਨ- ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਾਬਕਾ ਕਾਂਗਰਸੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਸ਼ਨੀਵਾਰ ਸ਼ਾਮ ਦੇਹਾਂਤ ਹੋ ਗਿਆ ਸੀ। ਅਗਨੀਹੋਤਰੀ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਸ਼ੇਰੋਂ ਵਿਖੇ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜ ਅਨੁਸਾਰ ਕਰ ਦਿੱਤਾ ਗਿਆ ਹੈ। ਡਾ.ਧਰਮਵੀਰ ਅਗਨੀਹੋਤਰੀ ਨੂੰ ਅੰਤਿਮ ਵਿਦਾਈ ਦੇਣ ਲਈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਮੇਤ ਵੱਡੀ ਗਿਣਤੀ ’ਚ ਪਾਰਟੀ ਦੀ ਲੀਡਰਸ਼ਿਪ ਪੁੱਜੀ। ਇਸ ਮੌਕੇ ਛੋਟੇ ਤੋਂ ਛੋਟਾ ਵਰਕਰ ਅਤੇ ਆਮ ਲੋਕਾਂ ਦਾ ਹੜ੍ਹ ਵੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਅਨੁਸਾਰ ਡਾ. ਅਗਨੀਹੋਤਰੀ ਦੀ ਮ੍ਰਿਤਕ ਦੇਹ ਨੂੰ ਤਰਨਤਾਰਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਜੱਦੀ ਪਿੰਡ ਸ਼ੇਰੋਂ ਵਿਖੇ ਅੰਤਿਮ ਸਸਕਾਰ ਲਈ ਇਕ ਫੁੱਲਾਂ ਵਾਲੀ ਟਰਾਲੀ ਵਿੱਚ ਲਿਜਾਇਆ ਗਿਆ। ਇਸ ਮੌਕੇ ਸੈਂਕੜੇ ਗੱਡੀਆਂ ਦਾ ਕਾਫਲਾ ਸ਼ਾਮਲ ਸੀ। ਪਿੰਡ ਸ਼ੇਰੋਂ ਦੇ ਸ਼ਮਸ਼ਾਨਘਾਟ ਵਿਖੇ ਸ਼ਰਧਾਂਜਲੀ ਦੇਣ ਵਾਲਿਆਂ ਦਾ ਹੜ੍ਹ ਵੇਖਣ ਨੂੰ ਮਿਲਿਆ। ਇਸ ਦੌਰਾਨ ਡਾ. ਧਰਮਬੀਰ ਅਗਨੀਹੋਤਰੀ ਦੇ ਵੱਡੇ ਬੇਟੇ ਨਰੇਸ਼ ਅਗਨੀਹੋਤਰੀ ਵੱਲੋਂ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ ਗਈ।

ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਆਦਿ ਤੋਂ ਇਲਾਵਾ ਵੱਖ-ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਉਕਤ ਆਗੂਆਂ ਨੇ ਡਾ.ਅਗਨੀਹੋਤਰੀ ਦੇ ਬੇਟੇ ਨਰੇਸ਼ ਅਗਨੀਹੋਤਰੀ ਅਤੇ ਸੰਦੀਪ ਅਗਨੀਹੋਤਰੀ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *