ਨਵੀਂ ਦਿੱਲੀ – ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਵੱਲੋਂ ਉਨ੍ਹਾਂ ਵਿਰੁੱਧ ਦਰਜ ਐੱਫ.ਆਈ.ਆਰ. ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਡੇਗਣ ਲਈ ‘ਸੀਰੀਅਲ ਕਿਲਰ’ ਵਾਂਗ ਰਵੱਈਆ ਕਰ ਰਹੀ ਹੈ। ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਇਹ ਗੱਲ ਕਹੀ। ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦੂਜਿਆਂ ਦੇ ਚੰਗੇ ਕੰਮਾਂ ਨੂੰ ਲੈ ਕੇ ‘ਅਸੁਰੱਖਿਅਤ’ ਮਹਿਸੂਸ ਕਰਦੇ ਹਨ।
ਸਿਸੋਦੀਆ ਨੇ ਵਿਧਾਨ ਸਭਾ ‘ਚ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜਿਆਂ ਦੇ ਚੰਗੇ ਕੰਮ ਦੇਖ ਕੇ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਵਿਅਕਤੀ ਨੂੰ ਅਸੁਰੱਖਿਆ ਦੀ ਭਾਵਨਾ ਨਾਲ ਇੰਨਾ ਦੁਖੀ ਨਹੀਂ ਦੇਖਿਆ। ਜੇਕਰ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਹੁੰਦੇ ਅਤੇ ਮੈਂ ਕਿਸੇ ਹੋਰ ਸਰਕਾਰ ਵਿਚ ਸਿੱਖਿਆ ਮੰਤਰੀ ਹੁੰਦਾ ਤਾਂ ਉਹ ਅਜਿਹਾ ਕੁਝ ਨਹੀਂ ਕਰਦੇ।”