ਲੁਧਿਆਣਾ : ਲੁਧਿਆਣਾ ‘ਚ ਵਾਪਰੀ ਮਾਸੂਮ ਸਹਿਜਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਹਿਜਪ੍ਰੀਤ ਨੂੰ ਪਰਿਵਾਰ ਨੇ ਫੁੱਲਾਂ ਵਾਂਗ ਸਾਂਭ ਕੇ ਰੱਖਿਆ ਹੋਇਆ ਸੀ। ਉਸ ਦੇ ਫੁੱਲ ਚੁਗਦਿਆਂ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਪਿਆ। ਮਾਤਾ-ਪਿਤਾ ਵਾਰ-ਵਾਰ ਸਹਿਜ ਨੂੰ ਆਵਾਜ਼ਾ ਮਾਰ ਰਹੇ ਸਨ। ਪੁੱਤ ਨੂੰ ਰਾਖ ਦੀ ਢੇਰੀ ਬਣ ਦੇਖ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ।
ਪਰਿਵਾਰ ਨਾਲ ਗਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਹਿਜ ਨੂੰ ਉਸ ਦਾ ਤਾਇਆ ਰੋਜ਼ਾਨਾ ਸਕੂਲ ਛੱਡ ਕੇ ਆਉਂਦਾ ਸੀ ਅਤੇ ਦਵਾਈ ਵੀ ਲਿਆ ਕੇ ਦਿੰਦਾ ਸੀ, ਫਿਰ ਪਤਾ ਨਹੀਂ ਉਸ ਦੇ ਦਿਮਾਗ ‘ਚ ਅਜਿਹਾ ਕੀ ਆਇਆ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਜ਼ਿਕਰਯੋਗ ਹੈ ਕਿ 8 ਸਾਲਾ ਸਹਿਜਪ੍ਰੀਤ ਸਿੰਘ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇਕ ਮੋਬਾਇਲ ਨੰਬਰ ਜਾਰੀ ਕੀਤਾ ਸੀ।
ਪਰਿਵਾਰ ਨੇ ਕਿਹਾ ਸੀ ਕਿ ਸਹਿਜ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਮਿਲੀ ਤਾਂ ਉਸ ਨੰਬਰ ’ਤੇ ਸੰਪਰਕ ਕੀਤਾ ਜਾਵੇ। ਇੰਨਾ ਹੀ ਪਰਿਵਾਰ ਨੇ ਸਹਿਜ ਦੀ ਭਾਲ ਕਰਨ ਵਾਲੇ ਲਈ 5100 ਦਾ ਇਨਾਮ ਵੀ ਰੱਖਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਸ ਤਾਏ ਨਾਲ ਉਨ੍ਹਾਂ ਦਾ ਪੁੱਤ ਗਿਆ ਸੀ, ਉਹੀ ਤਾਇਆ ਉਸ ਦੀ ਜਾਨ ਲੈ ਲਵੇਗਾ।