ਪਟਿਆਲਾ- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਦਿੱਤੀ। ਇਸ ਸਭ ਦਰਮਿਆਨ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸ਼ਰਤ ਰੱਖੀ ਹੈ ਕਿ ਸ਼ਬਦ ਪੰਚਕੂਲਾ ਇਸ ਨਾਂ ਵਿਚ ਜੋੜਿਆ ਜਾਵੇ ਤਾਂ ਕੀ ਉਨ੍ਹਾਂ ਨੇ ਇਹ ਸ਼ਬਦ ਪੰਚਕੂਲਾ ਜੋੜਨ ਲਈ ਸਹਿਮਤੀ ਦਿੱਤੀ ਹੈ? ਇਹ ਗੱਲ ਸਪੱਸ਼ਟ ਕਰਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ-ਹਰਿਆਣਾ ਵਿਚ ਪਿਛਲੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਪਹਿਲੀ ਵਾਰ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਗੱਲ ਕਹੀ ਸੀ ਪਰ ਹਰਿਆਣਾ ਇਸ ਲਈ ਰਾਜ਼ੀ ਨਹੀਂ ਸੀ। ਹਾਲਾਂਕਿ, ਹਰਿਆਣਾ ਨੇ ਏਅਰਪੋਰਟ ਦਾ ਨਾਂ ਮੰਗਲ ਸੇਨ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਰੱਖਿਆ। ਇਸੇ ਤਹਿਤ ਪੰਜਾਬ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਨੇ ਵੀ ਆਪੋ-ਆਪਣੇ ਪੱਧਰ ’ਤੇ ਹਵਾਈ ਅੱਡੇ ਦਾ ਨਾਂ ਰੱਖਣ ਸਬੰਧੀ ਮਤੇ ਪਾਸ ਕੀਤੇ ਸਨ। ਇਸ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਖਿੱਚੋਤਾਣ ਵਰਗੀ ਸਥਿਤੀ ਚੱਲੀ ਆ ਰਹੀ ਸੀ। ਹਾਲਾਂਕਿ ਹੁਣ ਦੋਹਾਂ ਸੂਬਿਆਂ ਵਿਚਾਲੇ ਤਣਾਅ ਖਤਮ ਹੋ ਗਿਆ ਹੈ। ਸਮਝੌਤਾ ਹੋਣ ਤੋਂ ਬਾਅਦ ਹੁਣ ਦੋਵੇਂ ਸੂਬੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਣਗੇ ਤਾਂ ਜੋ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਹੋ ਸਕੇ।