ਗੁਰੂ ਕਾ ਬਾਗ- ਅੱਜ ਸਵੇਰੇ ਪਿੰਡ ਬੱਲ ਖੁਰਦ ਨੇੜੇ ਪੰਜਾਬ ਰੋਡਵੇਜ਼ ਦੀ ਇਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬੱਲ ਖੁਰਦ ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਮੁਰਾਦਪੁਰਾ ਥਾਣਾ ਕੰਬੋਅ ਦੇ ਵਸਨੀਕ ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਸਾਧਾ ਸਿੰਘ ਆਪਣੇ ਡਿਸਕਵਰ ਮੋਟਰਸਾਈਕਲ ਨੰਬਰ ਪੀ.ਬੀ.02 ਈ. 2483 ’ਤੇ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਰੋਡ ਪਿੰਡ ਮਹੱਦੀਪੁਰਾ ਵਿਖੇ ਜਾ ਰਹੇ ਸਨ। ਉਕਤ ਨੌਜਵਾਨ ਦੂਜੇ ਪਾਸੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ.02 ਡੀ.ਓ. 9038 ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ।
ਹਾਦਸੇ ਦੌਰਾਨ ਸਥਾਨਕ ਲੋਕਾਂ ਨੇ ਬੱਸ ਡਰਾਈਵਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਥਾਣਾ ਕੰਬੋਅ ਅਤੇ ਚੌਂਕੀ ਬੱਲ ਕਲਾਂ ਦੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਸੜਕ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਇਸ ਸੜਕ ਨੂੰ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਰੋਡ ਨੂੰ ਟੁੱਟੇ ਹੋਇਆਂ ਨੂੰ ਕਈ ਸਾਲ ਹੋ ਗਏ ਹਨ। ਇਸ ਰੋਡ ਦੇ ਬਣਨ ਦਾ ਕੰਮ ਜੂੰ ਦੀ ਚਾਲ ਚੱਲ ਰਿਹਾ ਹੈ, ਜਿਸ ਕਾਰਨ ਇਸ ਸੜਕ ’ਤੇ ਆਏ ਦਿਨ ਕਈ ਵੱਡੇ-ਵੱਡੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।