ਜਲੰਧਰ– ਸੰਵਿਧਾਨ ਤੋਂ ਵੱਡਾ ਕੋਈ ਨਹੀਂ ਅਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਪਰ ਪੰਜਾਬ ਵਿਚ ਕਾਂਗਰਸ ਦੀ ਸਾਬਕਾ ਸਰਕਾਰ ਨੇ ਬਦਲਾਖ਼ੋਰੀ ਦੀ ਸਿਆਸਤ ਕਰਦਿਆਂ ਮੇਰੇ ਖਿ਼ਲਾਫ਼ ਝੂਠਾ ਕੇਸ ਦਰਜ ਕਰਵਾਉਣ ਲਈ ਸੰਵਿਧਾਨ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਹਨ ਜਦਕਿ ਮਾਣਯੋਗ ਅਦਾਲਤ ਨੇ ਫਿਰ ਵੀ ਮੈਨੂੰ ਜ਼ਮਾਨਤ ਦਿੱਤੀ ਹੈ। ਇਹ ਗੱਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਲੰਧਰ ਵਿਚ ਉਨ੍ਹਾਂ ਦੇ ਸਵਾਗਤ/ਸਨਮਾਨ ਵਿਚ ਰੱਖੇ ਸਮਾਰੋਹ ਦੌਰਾਨ ਕਹੀ।
ਮਜੀਠੀਆ ਨੇ ਕਿਹਾ ਕਿ ਇਕ ਗੱਲ ਤਾਂ ਸਾਫ਼ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ’ਤੇ ਕੇਸ ਦਰਜ ਕਰਵਾਉਣ ਲਈ ਜਿਸ ਡੀ. ਜੀ. ਪੀ. ਨੂੰ ਨਿਯੁਕਤ ਕੀਤਾ, ਉਸ ਖ਼ਿਲਾਫ਼ ਤਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਖ਼ਤ ਟਿੱਪਣੀ ਵੀ ਕੀਤੀ ਗਈ ਸੀ ਪਰ ਫਿਰ ਵੀ ਉਨ੍ਹਾਂ ਨੇ ਕਾਨੂੰਨ ਨੂੰ ਆਪਣੇ ਫਾਇਦੇ ਲਈ ਵਰਤਿਆ। ਇਸ ਮੌਕੇ ਜਗਬੀਰ ਸਿੰਘ ਬਰਾੜ, ਪਵਨ ਕੁਮਾਰ ਟੀਨੂੰ, ਚੰਦਨ ਗਰੇਵਾਲ, ਗੁਰਪ੍ਰੀਤ ਸਿੰਘ ਖ਼ਾਲਸਾ ਆਦਿ ਆਗੂ ਮੌਜੂਦ ਸਨ।