ਬਰਮਿੰਘਮ- ਭਾਰਤ ਦੀ ਬੈਡਮਿੰਟਨ ਸਟਾਰ ਪੁਸਾਰਲਾ ਵੈਂਕਟਾ ਸਿੰਧੂ ਨੇ ਸੋਮਵਾਰ ਨੂੰ ਕੈਨੇਡਾ ਦੀ ਮਿਸ਼ੇਲ ਲੀ ਨੂੰ 2-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ। ਸਿੰਧੂ ਨੇ ਗਲਾਸਗੋ 2014 ਖੇਡਾਂ ਦੀ ਸੋਨ ਤਮਗਾ ਜੇਤੂ ਮਿਸ਼ੇਲ ਨੂੰ 21-15, 21-13 ਨਾਲ ਹਰਾਇਆ।
ਰੀਓ 2016 ਦੀ ਚਾਂਦੀ ਤਮਗਾ ਜੇਤੂ ਸਿੰਧੂ ਜਦੋਂ ਕੋਰਟ ‘ਤੇ ਆਈ ਤਾਂ ਉਨ੍ਹਾਂ ਦਾ ਪੈਰ ਪੱਟੀ ਨਾਲ ਬੰਨ੍ਹਿਆਂ ਹੋਇਆ ਸੀ ਪਰ ਇਸ ਦਾ ਉਨ੍ਹਾਂ ਦੀ ਖੇਡ ‘ਤੇ ਕੋਈ ਅਸਰ ਨਹੀਂ ਪਿਆ। ਪਹਿਲੀ ਗੇਮ ‘ਚ ਉਨ੍ਹਾਂ ਨੂੰ ਮਿਸ਼ੇਲ ਤੋਂ ਚੁਣੌਤੀ ਮਿਲੀ ਪਰ ਦੂਜੀ ਗੇਮ ‘ਚ ਕੈਨੇਡੀਅਨ ਖਿਡਾਰਨ ਦੀਆਂ ਅਣਜਾਣ ਗਲਤੀਆਂ ਨੇ ਸਿੰਧੂ ਲਈ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ। ਇਸ ਤੋਂ ਪਹਿਲਾਂ ਸਿੰਧੂ ਨੇ ਗਲਾਸਗੋ 2014 ਖੇਡਾਂ ਵਿੱਚ ਕਾਂਸੀ ਅਤੇ ਗੋਲਡਕੋਸਟ 2018 ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਇਸ ਜਿੱਤ ਨਾਲ ਸਿੰਧੂ ਨੇ ਰਾਸ਼ਟਰਮੰਡਲ ਤਮਗਿਆਂ ਦਾ ਆਪਣਾ ਸੈੱਟ ਪੂਰਾ ਕਰ ਲਿਆ ਹੈ।