ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ – ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਵਰਤੇ ਹਥਿਆਰ ਮਿਲ ਗਏ ਹਨ। ਮਾਨਸਾ ਪੁਲੀਸ ਨੂੰ ਇਨ੍ਹਾਂ ਹਥਿਆਰਾਂ ਦੀ ਬਰਮਾਦਗੀ ਨਾ ਹੋਣਾ ਵੱਡੀ ਸਿਰਦਰਦੀ ਬਣੀ ਹੋਈ ਸੀ। ਮਾਨਸਾ ਪੁਲੀਸ ਤੋਂ ਪਹਿਲਾਂ ਦਿੱਲੀ ਪੁਲੀਸ ਵਲੋਂ ਵੀ ਹਥਿਆਰਾਂ ਦੀ ਬਰਮਾਦਗੀ ਬਾਰੇ ਪ੍ਰੀਯਾਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਪਾਸੋਂ ਬਹੁਤ ਪੁੱਛ ਪੜਤਾਲ ਕੀਤੀ ਗਈ ਸੀ ਪਰ ਹਥਿਆਰ ਹਾਸਲ ਨਹੀਂ ਹੋ ਸਕੇ ਸਨ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਸਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਕੋਲੋਂ ਮੁਕਾਬਲੇ ਮਗਰੋਂ, ਜਿਹੜੇ ਹਥਿਆਰ ਬਰਾਮਦ ਹੋਏ ਹਨ, ਇਹ ਉਹੀ ਹਥਿਆਰ ਹਨ, ਜਿਨ੍ਹਾਂ ਨਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ। ਪੁਲੀਸ ਅਧਿਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਜਦੋਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੇ ਆਪਣੇ ਆਪ ਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੁਕਾਬਲੇ ਦੌਰਾਨ ਉਹ ਦੋਵੇਂ ਮਾਰੇ ਗਏ ਅਤੇ ਉਨ੍ਹਾਂ ਦੋਵਾਂ ਪਾਸੋਂ ਏਕੇ 47 ਅਤੇ 9 ਐੱਮਐੱਮ ਪਿਸਤੌਲ ਪ੍ਰਾਪਤ ਹੋਇਆ ਸੀ। ਅਧਿਕਾਰੀ ਅਨੁਸਾਰ ਪੰਜਾਬੀ ਗਾਇਕ ਦੇ ਕਤਲ ਵਾਲੀ ਥਾਂ ਤੋਂ ਅਤੇ ਸ਼ਾਰਪ ਸੂਟਰਾਂ ਦੇ ਮੁਕਾਬਲੇ ਵਾਲੀ ਜਗ੍ਹਾ ਤੋਂ ਜੋ ਖੋਲ੍ਹ ਮਿਲੇ ਹਨ, ਇਹ ਆਪਸ ਵਿਚ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਫੌਰੈਂਸਿਕ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਈ ਹੈ।