ਗੁਰਦਾਸਪੁਰ- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਜਿਥੇ ਹੋਰ ਕਦਮ ਚੁੱਕੇ ਗਏ ਹਨ, ਉਸ ਦੇ ਨਾਲ ਹੀ ਗੰਨਾ ਕਾਸ਼ਤਕਾਰਾਂ ਦੀਆਂ ਬਕਾਇਆ ਅਦਾਇਗੀਆਂ ਲਈ 100 ਕਰੋੜ ਰੁਪਏ ਜਾਰੀ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੰਨੇ ਦੀ ਰਾਸ਼ੀ ਬਕਾਇਆ ਹੋਣ ਕਾਰਨ ਕਿਸਾਨ ਜਥੇਬੰਦੀਆਂ ਅਤੇ ਗੰਨਾ ਕਾਸ਼ਤਕਾਰ ਮੰਗ ਕਰ ਰਹੇ ਸਨ ਕਿ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੂਗਰਫੈਡ ਨੇ ਅਦਾਇਗੀਆਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2021-22 ਸੀਜਨ ਦੇ ਕੁੱਲ 619.62 ਕਰੋੜ ਰੁਪਏ ਦੀਆਂ ਅਦਾਇਗੀਆਂ ਵਿਚੋਂ 324.02 ਕਰੋੜ ਰੁਪਏ ਦੀਆਂ ਅਦਾਇਗੀਆਂ ਹੋ ਚੁੱਕੀਆਂ ਸਨ। ਅੱਜ 100 ਕਰੋੜ ਰੁਪਏ ਦੀਆਂ ਅਦਾਇਗੀਆਂ ਹੋਰ ਕਰ ਦਿੱਤੇ ਜਾਣ ਕਾਰਨ ਹੁਣ ਸਹਿਕਾਰੀ ਮਿੱਲਾਂ ਵੱਲੋਂ ਕਿਸਾਨਾਂ ਨੂੰ ਕੁੱਲ 424.02 ਕਰੋੜ ਅਦਾ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ 195.60 ਕਰੋੜ ਰੁਪਏ ਹੈ। ਇਸ ਵਿੱਚੋਂ 31 ਅਗਸਤ ਤੱਕ ਕਿਸਾਨਾਂ ਨੂੰ 100 ਕਰੋੜ ਅਦਾ ਕੀਤੇ ਜਾਣਗੇ ਅਤੇ ਬਾਕੀ ਦੇ 95.60 ਕਰੋੜ ਰੁਪਏ ਦੀ ਅਦਾਇਗੀ 15 ਸਤੰਬਰ ਤੱਕ ਕਰ ਦਿੱਤੀ ਜਾਵੇਗੀ।
ਇਹ ਅਦਾਇਗੀਆਂ ਹੋਣ ਉਪਰੰਤ ਪੰਜਾਬ ਅੰਦਰ ਅਜਨਾਲਾ, ਬਟਾਲਾ, ਬੁਢੇਵਾਲ, ਭੋਗਪੁਰ, ਫਾਜਿਲਕਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਅਤੇ ਨਵਾਂਸਹਿਰ ਵਿਖੇ ਸਥਿਤ ਕੁੱਲ 9 ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦਾ ਕੋਈ ਬਕਾਇਆ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 2022-23 ਦੇ ਗੰਨੇ ਦੇ ਸੀਜਨ ਤੋਂ ਪਹਿਲਾਂ ਕਿਸਾਨਾਂ ਦੀਆਂ ਬਕਾਇਆ ਅਦਾਇਗੀਆਂ ਬਿਨਾਂ ਕਿਸੇ ਦੇਰੀ ਤੋਂ ਕਰ ਦਿੱਤੀਆਂ ਜਾਣ। ਦੱਸਣਯੋਗ ਹੈ ਕਿ ਗੰਨਾ ਕਾਸ਼ਤਕਾਰਾਂ ਦਾ ਪੰਜਾਬ ਅੰਦਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿਚ ਵੱਡਾ ਯੋਗਦਾਨ ਹੈ। ਜਦੋਂ ਗੰਨੇ ਦੀਆਂ ਅਦਾਇਗੀਆਂ ਸਮੇਂ ਸਿਰ ਨਹੀਂ ਹੁੰਦੀਆਂ ਤਾਂ ਕਿਸਾਨ ਪ੍ਰੇਸ਼ਾਨ ਹੁੰਦੇ ਹਨ ਅਤੇ ਕਈ ਕਿਸਾਨ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲੈਂਦੇ ਹਨ।
ਹੁਣ ਸਰਕਾਰ ਵੱਲੋਂ ਜਿਸ ਢੰਗ ਨਾਲ ਪਿਛਲੀਆਂ ਅਦਾਇਗੀਆਂ ਕਰਨ ਦੀ ਸ਼ੁਰੂਆਤ ਕੀਤੀ ਹੈ। ਉਸ ਅਨੁਸਾਰ ਗੰਨਾ ਕਾਸ਼ਤਕਾਰ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਇਹ ਸਮਝਿਆ ਜਾ ਰਿਹਾ ਹੈ ਕਿ ਗੰਨਾ ਕਾਸ਼ਤਕਾਰਾਂ ਨੂੰ ਸਹੀ ਸਮੇਂ ‘ਤੇ ਅਦਾਇਗੀਆਂ ਹੋਣ ਨਾਲ ਫ਼ਸਲੀ ਵਿਭਿੰਨਤਾ ਨੂੰ ਹੁੰਗਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ।