ਸ਼੍ਰੀਨਗਰ- ਜੰਮੂ ਕਸ਼ਮੀਰ ‘ਚ ਮੀਂਹ ਕਾਰਨ ਇਕ ਦਿਨ ਲਈ ਅਸਥਾਈ ਤੌਰ ‘ਤੇ ਮੁਲਤਵੀ ਅਮਰਨਾਥ ਯਾਤਰਾ ਮੰਗਲਵਾਰ ਨੂੰ ਮੁੜ ਰਵਾਇਤੀ ਮਾਰਗ ਪਹਿਲਗਾਮ ਅਤੇ ਬਾਲਟਾਲ ਤੋਂ ਸ਼ੁਰੂ ਹੋ ਗਈ। ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੌਸਮ ਸਾਫ਼ ਹੋਣ ਦੇ ਨਾਲ ਹੀ ਤੀਰਥ ਯਾਤਰੀਆਂ ਦੇ ਨਵੇਂ ਜੱਥਿਆਂ ਨੂੰ ਰਵਾਇਤੀ ਨੁਨਵਾਨ-ਪਹਿਲਗਾਮ ਆਧਾਰ ਕੰਪਲੈਕਸ ਅਤੇ ਛੋਟੇ ਮਾਰਗ ਬਾਲਟਾਲ ਤੋਂ ਦੁਮੈਲ ਹੁੰਦੇ ਹੋਏ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ।
ਪਵਿੱਤਰ ਹਿਮਾਲਿਆ ਗੁਫ਼ਾ ਦੇ ਦਰਸ਼ਨਾਂ ਲਈ 105 ਔਰਤਾਂ, 5 ਸਾਧੂ ਅਤੇ 5 ਬੱਚਿਆਂ ਸਮੇਤ 633 ਤੀਰਥ ਯਾਤਰੀਆਂ ਨੂੰ ਦੁਮੈਲ ਤੋਂ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 198 ਤੀਰਥ ਯਾਤਰੀਆਂ ਨੂੰ ਵੀ ਅੱਜ 11 ਵਜੇ ਤੱਕ ਬਾਲਟਾਰ ਆਧਾਰ ਕੰਪਲੈਕਸ ਤੋਂ ਅਮਰਨਾਥ ਲਈ ਰਵਾਨਾ ਕੀਤਾ ਗਿਆ। ਦੱਖਣੀ ਕਸ਼ਮੀਰ ‘ਚ ਤੀਰਥ ਯਾਤਰੀਆਂ ਨੂੰ ਪਹਿਲਗਾਮ ‘ਚ ਰਵਾਇਤੀ ਨੁਨਵਾਨ ਆਧਾਰ ਕੰਪਲੈਕਸ ਅਤੇ ਚੰਦਨਵਾੜੀ ਅਤੇ ਪੰਜਤਰਨੀ ਤੋਂ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ ਹੈ।