ਚੰਡੀਗੜ੍ਹ 31 ਜੁਲਾਈ : ਕੌਮੀ ਪੱਧਰ ‘ਤੇ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਮੋਰਚੇ ਦੀਆਂ ਲਟਕਦੀਆਂ ਕਿਸਾਨੀ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਰੋਸ ਵਜੋਂ ਚਾਰ ਘੰਟੇ ਦੇ ਚੱਕਾ ਜਾਮ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਅੰਦਰ ਰੇਲ-ਮਾਰਗ ਅਤੇ ਹਾਈਵੇ ਸੜਕਾਂ ‘ਤੇ 11 ਤੋਂ 3 ਵਜੇ ਤੱਕ ਜਾਮ ਲਾਏ ਗਏ। ਕਈ ਥਾਈਂ ਕਿਣਮਿਣ , ਜ਼ੋਰਦਾਰ ਬਰਸਾਤੀ ਛਰਾਟਿਆਂ ਦੇ ਬਾਵਜੂਦ ਜਾਮ-ਧਰਨੇ ਜਾਰੀ ਰਹੇ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਠਿੰਡਾ ਜੰਕਸ਼ਨ, ਬੁਢਲਾਡਾ (ਮਾਨਸਾ), ਧਬਲਾਨ(ਪਟਿਆਲਾ), ਪੱਟੀ (ਤਰਨਤਾਰਨ) ਅਤੇ ਮਲੇਰਕੋਟਲਾ ਸ਼ਹਿਰ ਵਿਖੇ 5 ਥਾਂਈਂ ਰੇਲ ਜਾਮ ਤੋਂ ਇਲਾਵਾ 6 ਜ਼ਿਲ੍ਹਿਆਂ ਵਿੱਚ 8 ਟੌਲ ਪਲਾਜੇ ਅਤੇ 6 ਹੋਰ ਜ਼ਿਲ੍ਹਿਆਂ ਵਿੱਚ 10 ਹਾਈਵੇ ਜਾਮ ਕੁੱਲ 23 ਥਾਂਵਾਂ ‘ਤੇ ਲਾਗੂ ਕੀਤੇ ਗਏ। ਬਰਤਾਨਵੀ ਸਾਮਰਾਜ ਦੇ ਜ਼ੁਲਮਾਂ ਵਿਰੁੱਧ ਜੂਝਦਿਆਂ ਅੱਜ ਦੇ ਦਿਨ ਸ਼ਹੀਦੀ ਜਾਮ ਪੀ ਗਏ ਇਨਕਲਾਬੀ ਯੋਧੇ ਸ਼ਹੀਦ ਊਧਮ ਨੂੰ ਸਮਰਪਿਤ ਕਰਦਿਆਂ ਅੱਜ ਦੇ ਧਰਨਿਆਂ ਦੀ ਸ਼ੁਰੂਆਤ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਦੀ ਜੈ-ਜੈਕਾਰ ਕਰਦਿਆਂ ਜ਼ੋਰਦਾਰ ਨਾਹਰਿਆਂ ਰਾਹੀਂ ਉਨ੍ਹਾਂ ਦੀ ਸਾਮਰਾਜ ਵਿਰੋਧੀ ਇਨਕਲਾਬੀ ਸੋਚ ‘ਤੇ ਪਹਿਰਾ ਦੇਣ ਦਾ ਅਹਿਦ ਕੀਤਾ ਗਿਆ। ਇਸ ਮੌਕੇ ਐਂਬੂਲੈਂਸਾਂ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਲੋਕਾਂ ਨੂੰ ਸੜਕੀ ਲਾਂਘਾ ਦਿੱਤਾ ਗਿਆ।
ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਕੌਰ ਬਰਾਸ, ਜਸਵੀਰ ਕੌਰ ਉਗਰਾਹਾਂ, ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ ਅਤੇ ਸਰੋਜ ਰਾਣੀ ਮਾਨਸਾ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਮੌਕੇ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਦੇ ਲਿਖਤੀ ਵਾਅਦਿਆਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਭੱਜ ਰਹੀ ਹੈ। ਇਸ ਦਾ ਸਬੂਤ ਐਮ ਐੱਸ ਪੀ ਦੀ ਕਮੇਟੀ ਵਿੱਚ ਸਿਰਫ਼ ਸਰਕਾਰ ਪੱਖੀ ਨੁਮਾਇੰਦੇ ਸ਼ਾਮਲ ਕਰਨੇ ਅਤੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਹੈ। ਸਿਤਮਜ਼ਰੀਫੀ ਇਹ ਕੀਤੀ ਹੈ ਕਿ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਦਾ ਏਜੰਡਾ ਹੀ ਨਹੀਂ ਰੱਖਿਆ ਗਿਆ। ਇਸੇ ਵਜ੍ਹਾ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਕਮੇਟੀ ਨੂੰ ਰੱਦ ਕਰਦੇ ਹੋਏ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਐਮ ਐਸ ਪੀ ਸੰਬੰਧੀ ਕਮੇਟੀ ਵਿੱਚ ਸਾਰੀਆਂ ਫ਼ਸਲਾਂ ਦਾ ਲਾਭਕਾਰੀ ਐਮ ਐੱਸ ਪੀ ਮਿਥਣ ਅਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਦਾ ਏਜੰਡਾ ਮਿਥ ਕੇ ਬਹੁਸੰਮਤੀ ਮੈਂਬਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਏ ਜਾਣ। ਦਿੱਲੀ ਕਿਸਾਨ ਮੋਰਚੇ ਦੇ ਸੈਂਕੜੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਕੇਂਦਰੀ ਮੰਤਰੀ ਦੇ ਪੁੱਤਰ ਅਜੈ ਟੈਣੀ ਸਮੇਤ ਲਖੀਮਪੁਰ ਖੀਰੀ ਕਤਲਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਅੰਦੋਲਨ ਦੌਰਾਨ ਕਿਸਾਨ ਆਗੂਆਂ ਅਤੇ ਆਮ ਕਿਸਾਨਾਂ ਉੱਤੇ ਮੜ੍ਹੇ ਪੁਲਿਸ ਕੇਸ ਵਾਪਸ ਲਏ ਜਾਣ। ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਾਂਝਾ ਕਿਸਾਨ ਅੰਦੋਲਨ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਅਗਨੀਪਥ ਯੋਜਨਾ ਰਾਹੀਂ ਪੱਕੇ ਰੁਜ਼ਗਾਰ ਦੇ ਬਚੇ ਹੋਏ ਇੱਕੋ ਇੱਕ ਸਾਧਨ ਫੌਜੀ ਭਰਤੀ ਨੂੰ ਚਾਰ-ਸਾਲਾ ਠੇਕਾ ਭਰਤੀ ਦੇ ਫੈਸਲੇ ਰਾਹੀਂ ਖੋਹਣ ਵਾਲ਼ੀ ਕੇਂਦਰੀ ਭਾਜਪਾ ਸਰਕਾਰ ਦੀ ਨੀਤੀ ਵਿਰੁੱਧ ਵੀ ਮੁਲਕ ਭਰ ਵਿੱਚ 7 ਤੋਂ 14 ਅਗਸਤ ਤੱਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਸਤੋਂ ਅਗਲੇ ਪੜਾਅ ‘ਤੇ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿਖੇ ਤਿੰਨ ਰੋਜ਼ਾ ਰੋਸ ਧਰਨੇ ਦਿਨੇ ਰਾਤ ਲਾਏ ਜਾਣਗੇ। ਇਸਤੋਂ ਇਲਾਵਾ ਪਾਣੀਆਂ ਦੇ ਗੰਭੀਰ ਸੰਕਟ ਦੇ ਪੁਖਤਾ ਹੱਲ ਲਈ ਸਾਂਝੇ ਸੰਘਰਸ਼ ਦਾ ਦਾਇਰਾ ਹੋਰ ਵਿਸ਼ਾਲ ਕਰਦਿਆਂ ਅਗਲੇ ਪੜਾਅ ‘ਤੇ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਕਈ ਥਾਵਾਂ ‘ਤੇ ਭਰਾਤਰੀ ਹਮਾਇਤ ਵਜੋਂ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ,ਜਲ ਸਪਲਾਈ ਕਾਮਿਆਂ, ਬਿਜਲੀ ਕਾਮਿਆਂ, ਬੇਰੁਜ਼ਗਾਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਕਲਾਕਾਰਾਂ ਦੇ ਨੁਮਾਇੰਦੇ ਵੀ ਛੋਟੇ ਵੱਡੇ ਕਾਫਲੇ ਲੈ ਕੇ ਜਾਮ ਧਰਨਿਆਂ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿਚੋਂ ਪ੍ਰਮੁੱਖ ਸੰਬੋਧਨ ਕਰਤਾ ਜ਼ੋਰਾ ਸਿੰਘ ਨਸਰਾਲੀ, ਹਰਜਿੰਦਰ ਸਿੰਘ ਲੁਧਿਆਣਾ, ਵਰਿੰਦਰ ਸਿੰਘ ਮੋਮੀ, ਦਿਗਵਿਜੇ ਸ਼ਰਮਾ, ਲਾਭ ਸਿੰਘ ਆਦਿ ਸਨ।