ਅੰਮ੍ਰਿਤਸਰ- ਸਪੈਸ਼ਲ ਟਾਸਕ ਫੋਰਸ ਨੇ ਅੱਜ ਪੰਜਾਬ ਨਾਲ ਜੁੜੇ ਦੋ ਵੱਡੇ ਮਾਮਲਿਆਂ ਨੂੰ ਸੁਲਝਾ ਲਿਆ ਹੈ। ਜਿਸ ਵਿਚ ਇਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਹੋਣ ਵਾਲੀਆਂ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਹੈ, ਅਤੇ ਇਕ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਅਤੇ ਹੈਰੋਇਨ ਨਾਲ ਜੁੜਿਆ ਹੈ। ਦੋਵਾਂ ਮਾਮਲਿਆਂ ਵਿਚ ਐੱਸ. ਟੀ. ਐੱਫ. ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਦੀ ਰਿਕਵਰੀ ਕੀਤੀ ਹੈ। ਜਲਦੀ ਐੱਸ.ਟੀ.ਐੱਫ. ਅਧਿਕਾਰੀ ਇਸ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰ ਸਕਦੇ ਹਨ।
ਲੁਧਿਆਣਾ ਬਲਾਸਟ ਨਾਲ ਜੁੜੇ ਮਾਮਲੇ ਵਿਚ ਕੁੱਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਸਰਹੱਦ ਪਾਰ ਤੋਂ ਆਉਣ ਵਾਲੇ ਹਥਿਆਰਾਂ ਨੂੰ ਲੁਧਿਆਣਾ ਅਦਾਲਤ ਵਿਚ ਇਸਤੇਮਾਲ ਕੀਤਾ ਗਿਆ ਸੀ। ਉਸ ਮਾਮਲੇ ਵਿਚ ਐੱਸ.ਟੀ. ਐੱਫ. ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦਕਿ ਇਕ ਵਾਰ ਫਿਰ ਉਸ ਨਾਲ ਜੁੜੇ ਕੁੱਝ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਸਾਹਮਣੇ ਆਈ ਯੂ.ਪੀ. ਵਿਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਬਨਾਉਣ ਵਾਲੀ ਫੈਕਟਰੀ ਨਾਲ ਜੁੜੇ ਮਾਮਲਿਆਂ ਵਿਚ ਭਾਰੀ ਰਿਕਵਰੀ ਕੀਤੀ ਗਈ ਹੈ। ਫਿਲਹਾਲ ਐੱਸ. ਟੀ.ਐੱਫ. ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ’ਚ ਕੁੱਝ ਬੋਲਣ ਲਈ ਤਿਆਰ ਨਹੀਂ ਹੈ ਜਦਕਿ ਵਿਭਾਗ ਦੋਵਾਂ ਮਾਮਲਿਆਂ ਨੂੰ ਜਲਦੀ ਹੀ ਮੀਡੀਆ ਸਾਹਮਣੇ ਖੋਲ੍ਹ ਸਕਦਾ ਹੈ।