ਡੇਰਾਬੱਸੀ: ਸਥਾਨਕ ਸੁਨਿਆਰਾ ਮੁਹੱਲੇ ਵਿਖੇ ਪਹਿਲੀ ਮੰਜ਼ਿਲ ’ਤੇ ਖੇਡ ਰਿਹਾ 3 ਸਾਲਾ ਬੱਚਾ ਹੇਠਾਂ ਡਿੱਗ ਗਿਆ। ਸਿਰ ‘ਚ ਸੱਟਾਂ ਵੱਜਣ ਕਾਰਨ ਉਹ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਸਰਕਾਰੀ ਹਸਪਤਾਲ ਚੰਡੀਗੜ੍ਹ ਸੈਕਟਰ-32 ਵਿਖੇ ਇਲਾਜ ਲਈ ਰੈਫ਼ਰ ਕੀਤਾ ਗਿਆ। ਇੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਨੀਸ਼ ਕੁਮਾਰ ਆਟੋ ਰਿਕਸ਼ਾ ਚਲਾਉਂਦਾ ਹੈ, ਜੋ ਆਪਣੇ ਪਰਿਵਾਰ ਸਮੇਤ ਸੁਨਿਆਰਾ ਮੁਹੱਲੇ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ।
ਉਸ ਦੇ 2 ਬੱਚੇ ਹਨ। ਬੱਚੇ ਦੀ ਮਾਂ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਥੱਲੇ ਸੀ, ਜਦੋਂ ਕਿ ਉਸ ਦਾ 3 ਸਾਲਾ ਬੱਚਾ ਤਮਰ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ’ਤੇ ਚਲਾ ਗਿਆ ਅਤੇ ਉਥੇ ਲੱਗੀ ਗਰਿੱਲ ਦੇ ਨਾਲ ਖੇਡਣ ਲੱਗ ਪਿਆ। ਅਚਾਨਕ ਉਹ ਗਰਿੱਲ ਉੱਪਰੋਂ ਟੱਪ ਕੇ ਥੱਲੇ ਡਿੱਗ ਗਿਆ। ਹਾਦਸੇ ਵੇਲੇ ਉਹ ਘਰ ਦੀ ਰਸੋਈ ‘ਚ ਕੰਮ ਕਰ ਰਹੀ ਸੀ।