ਚੰਡੀਗੜ੍ਹ (ਬਿਊਰੋ) : ਮੋਗਾ ਦੇ ਪਿੰਡ ਮੱਲਕੇ ਵਿਚੇ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ। ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਆਏ ਇਸ ਫ਼ੈਸਲੇ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਚੀਮਾ ਨੇ ਕਿਹਾ ਕਿ ਪੰਜਾਬ ’ਚ ਆਪ ਸਰਕਾਰ ਬਣਨ ’ਤੇ ਇਨਸਾਫ਼ ਦੇਣ ਦੀ ਪ੍ਰਕਿਰਿਆ ਤੇਜ਼ ਹੋਈ ਹੈ ਤੇ ਉਸ ਦੇ ਨਤੀਜੇ ਵਜੋਂ ਅੱਜ ਅਦਾਲਤ ਨੇ ਬੇਅਦਬੀ ਦੇ ਤਿੰਨ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਮੈਚ ਫਿਕਸਿੰਗ ਵਾਲੀਆਂ ਸਰਕਾਰਾਂ ਪੰਜਾਬ ’ਚ ਕੰਮ ਕਰ ਰਹੀਆਂ ਸਨ, ਜਿਨ੍ਹਾਂ ’ਚ ਆਪਸੀ ਮੈਚ ਫਿਕਸਿੰਗ ਹੋਈ ਸੀ। ਅਕਾਲੀ ਦਲ ਜਦੋਂ ਆਪਣੇ ਰਾਜ ਸਮੇਂ ਮਾੜੇ ਕੰਮ, ਜਿਵੇਂ ਭ੍ਰਿਸ਼ਟਾਚਾਰ ਕਰਦਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਇਸ ਦੇ ਹਿੱਸੇ ਆਈਆਂ ਸਨ।