ਮੁੰਬਈ– ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੋਮਵਾਰ ਨੂੰ ਸੂਬਾਈ ਵਿਧਾਨ ਸਭਾ ’ਚ ‘ਸ਼ਕਤੀ ਪਰੀਖਣ’ ’ਚ ਜਿੱਤ ਹਾਸਲ ਕਰ ਲਈ ਹੈ। 288 ਮੈਂਬਰੀ ਸਦਨ ’ਚ 164 ਵਿਧਾਇਕਾਂ ਨੇ ਵਿਸ਼ਵਾਸ ਮਤ ਦੇ ਪੱਖ ’ਚ ਵੋਟਾਂ ਪਾਈਆਂ, ਜਦਕਿ 99 ਵਿਧਾਇਕਾਂ ਨੇ ਇਸ ਦੇ ਵਿਰੋਧ ’ਚ। ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਵਿਸ਼ਵਾਸ ਮਤ ਨੂੰ ਬਹੁਮਤ ਮਿਲਣ ਦਾ ਐਲਾਨ ਕੀਤਾ। ਹਾਲ ਹੀ ’ਚ ਸ਼ਿਵ ਸੈਨਾ ਦੇ ਇਕ ਵਿਧਾਇਕ ਦੇ ਦਿਹਾਂਤ ਮਗਰੋਂ ਵਿਧਾਨ ਸਭਾ ’ਚ ਵਿਧਾਇਕਾਂ ਦੀ ਮੌਜੂਦਾ ਗਿਣਤੀ ਘੱਟ ਕੇ 287 ਹੋ ਗਈ ਹੈ, ਇਸ ਲਈ ਬਹੁਮਤ ਲਈ 144 ਵੋਟਾਂ ਦੀ ਲੋੜ ਸੀ।
ਸ਼ਿੰਦੇ ਨੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਅਸਤੀਫ਼ੇ ਦੇ ਇਕ ਦਿਨ ਬਾਅਦ 30 ਜੂਨ ਨੂੰ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ ਸੀ। ਭਾਜਪਾ ਪਾਰਟੀ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸ਼ਕਤੀ ਪਰੀਖਣ ਤੋਂ ਪਹਿਲਾਂ ਠਾਕਰੇ ਦੇ ਖੇਮੇ ਤੋਂ ਸ਼ਿਵ ਸੈਨਾ ਦੇ ਇਕ ਹੋਰ ਵਿਧਾਇਕ ਸੰਤੋਸ਼ ਬਾਂਗਰ, ਸ਼ਿੰਦੇ ਧੜੇ ’ਚ ਚਲੇ ਗਏ। ਬਾਂਗਰ ਹਿੰਗੋਲੀ ਜ਼ਿਲ੍ਹੇ ਦੇ ਕਲਮਨੁਰੀ ਤੋਂ ਵਿਧਾਇਕ ਹਨ। ਇਸ ਦੇ ਨਾਲ ਹੀ ਸ਼ਿੰਦੇ ਦੇ ਧੜੇ ’ਚ ਹੁਣ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 40 ਹੋ ਗਈ ਹੈ।