ਮੁੰਬਈ- ਮਹਾਰਾਸ਼ਟਰ ਦੀ ਸਿਆਸਤ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਵੱਡਾ ਉਲਟਫੇਰ ਹੋਇਆ ਹੈ। ਮਹਾਰਾਸ਼ਟਰ ਵਿਚ ਅਚਾਨਕ ਸਿਆਸੀ ਚਾਲ ਬਦਲ ਗਈ ਅਤੇ ਭਾਜਪਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਬਾਗ਼ੀ ਸ਼ਿਵ ਸੈਨਾ ਧੜੇ ਦੇ ਆਗੂ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ।
ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸ਼ਿੰਦੇ ਨਾਲ ਮਿਲ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਮਗਰੋਂ ਅੱਜ ਇਕ ਪ੍ਰੈੱਸ ਕਾਨਫਰੰਸ ’ਚ ਇਹ ਵੱਡਾ ਐਲਾਨ ਕੀਤਾ ਹੈ। ਫੜਨਵੀਸ ਨੇ ਕਿਹਾ ਕਿ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਸਰਕਾਰ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਏਕਨਾਥ ਸ਼ਿੰਦੇ ਨੂੰ ਸ਼ਾਮ 7.30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਸੱਦਾ ਦਿੱਤਾ ਹੈ। ਅੱਜ ਸਿਰਫ ਸ਼ਿੰਦੇ ਹੀ ਸਹੁੰ ਚੁੱਕਣਗੇ।
ਦੱਸਣਯੋਗ ਹੈ ਕਿ ਸ਼ਿਵ ਸੈਨਾ ਦੇ ਆਗੂ ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਸਰਕਾਰ ਖ਼ਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਮਹਾਰਾਸ਼ਟਰ ਸਰਕਾਰ ਤੋਂ ਬਗਾਵਤ ਕਰ ਚੁੱਕੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਕੋਲ ਨਾ ਸਿਰਫ਼ ਵਿਧਾਇਕਾਂ ਦੀ ਵੱਡੀ ਗਿਣਤੀ ਹੈ। ਇਸ ਵਜ੍ਹਾ ਕਰ ਕੇ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਸੀ। ਇਸ ਪੂਰੇ ਘਟਨਾਕ੍ਰਮ ਮਗਰੋਂ ਊਧਵ ਠਾਕਰੇ ਨੇ ਫਲੋਰ ਟੈਸਟ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਬੀਤੇ ਕੱਲ੍ਹ ਅਸਤੀਫ਼ਾ ਦੇ ਦਿੱਤਾ।