ਨਵੀਂ ਦਿੱਲੀ– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 25 ਜੁਲਾਈ ਨੂੰ ਅਹੁਦਾ ਛੱਡਣ ਤੋਂ ਬਾਅਦ ਦਿੱਲੀ ’ਚ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਰਿਹਾਇਸ਼ ਸਬੰਧੀ ਕੈਬਨਿਟ ਕਮੇਟੀ (ਏ. ਸੀ. ਸੀ.) ਨੇ ਕੋਵਿੰਦ ਦੀ ਸਥਿਤੀ ਦੇ ਅਨੁਸਾਰ ਇਕ ਬੰਗਲੇ ਦੀ ਪਛਾਣ ਕੀਤੀ ਹੈ ਜੋ ਟਾਈਪ-8 ਹੈ। ਸਮਝਿਆ ਜਾਂਦਾ ਹੈ ਕਿ ਏ. ਸੀ. ਸੀ. ਨੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਲਈ 12 ਜਨਪਥ ਤੇ ਕੁਝ ਹੋਰ ਬੰਗਲਿਆਂ ਨੂੰ ਸੂਚੀਬੱਧ ਕੀਤਾ ਹੈ। ਸਾਬਕਾ ਰਾਸ਼ਟਰਪਤੀਆਂ, ਉੱਪ ਰਾਸ਼ਟਰਪਤੀਆਂ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਅਹੁਦਾ ਛੱਡਣ ਤੋਂ ਬਾਅਦ ਦਿੱਲੀ ’ਚ ਜਾਂ ਉਨ੍ਹਾਂ ਦੀ ਪਸੰਦ ਦੇ ਸੂਬਿਆਂ ’ਚ ਉਨ੍ਹਾਂ ਦੀ ਪਸੰਦ ਦੇ ਸਰਕਾਰੀ ਬੰਗਲੇ ਦਿੱਤੇ ਜਾਂਦੇ ਹਨ। ਇਸ ਸਮੇਂ ਸਾਬਕਾ ਉਪ ਰਾਸ਼ਟਰਪਤੀ ਡਾ. ਹਾਮਿਦ ਅੰਸਾਰੀ 31-ਏ. ਪੀ. ਜੇ. ਅਬੁਲ ਕਲਾਮ ਮਾਰਗ ਦੇ ਬੰਗਲੇ ’ਚ ਰਹਿੰਦੇ ਹਨ, ਜਦਕਿ ਸਾਬਕਾ ਪੀ. ਐੱਮ. ਡਾ. ਮਨਮੋਹਨ ਸਿੰਘ 3-ਮੋਤੀ ਲਾਲ ਨਹਿਰੂ ਮਾਰਗ ’ਤੇ ਸਥਿਤ ਰਿਹਾਇਸ਼ ’ਚ ਰਹਿੰਦੇ ਹਨ। ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦਿੱਲੀ ਦੀ ਬਜਾਏ ਪੁਣੇ ਵਿਚ ਰਹਿਣ ਦਾ ਫੈਸਲਾ ਕੀਤਾ ਹੈ।
12 ਜਨਪਥ ਬੰਗਲਾ ਪਹਿਲੇ ਦੋ ਦਹਾਕਿਆਂ ਤੱਕ ਮਰਹੂਮ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਰਿਹਾਇਸ਼ ਸੀ ਅਤੇ ਬਾਅਦ ਵਿਚ ਉਨ੍ਹਾਂ ਦਾ ਪੁੱਤਰ ਚਿਰਾਗ ਪਾਸਵਾਨ ਉੱਥੇ ਰਹੇ। ਉਹ ਇਸ ਵੇਲੇ ਲੋਕ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਬਦਲਵੀਂ ਰਿਹਾਇਸ਼ ਦਿੱਤੀ ਗਈ ਹੈ।
12 ਜਨਪਥ ਬੰਗਲੇ ਦੀ ਮੁਰੰਮਤ ਦਾ ਕੰਮ ਜ਼ੋਰਾਂ ’ਤੇ ਹੈ ਕਿਉਂਕਿ ਕੋਵਿੰਦ ਨੂੰ 25 ਜੁਲਾਈ ਨੂੰ ਰਾਸ਼ਟਰਪਤੀ ਭਵਨ ਖਾਲੀ ਕਰਨਾ ਪਵੇਗਾ, ਜਦੋਂ ਨਵੇਂ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।
ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮੁਰੰਮਤ ਦਾ ਕੰਮ ਪੂਰਾ ਕਰਨ ਲਈ ਸੀ. ਪੀ. ਡਬਲਯੂ. ਡੀ. ਦੇ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਤਾਇਨਾਤ ਕੀਤੀ ਹੈ।
ਭਾਜਪਾ ਨੇ ਓਡੀਸ਼ਾ ਦੀ ਆਦਿਵਾਸੀ ਮਹਿਲਾ ਆਗੂ ਦ੍ਰੌਪਦੀ ਮੁਰਮੂ ਨੂੰ ਆਪਣਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ, ਜਿਨ੍ਹਾਂ ਦੀ ਜਿੱਤ ਯਕੀਨੀ ਹੈ ਅਤੇ ਬੀਜੂ ਜਨਤਾ ਦਲ ਨੇ ਵੀ ਉਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਪਹਿਲੀ ਜਨਜਾਤੀ ਮਹਿਲਾ ਆਗੂ ਨੂੰ ਹੋਰ ਪਾਰਟੀਆਂ ਵੱਲੋਂ ਵੀ ਸਮਰਥਨ ਮਿਲਣ ਦੀ ਸੰਭਾਵਨਾ ਹੈ।