ਜਲੰਧਰ– ਤਨਖ਼ਾਹ ਨਾ ਮਿਲਣ ਕਾਰਨ ਪਰੇਸ਼ਾਨ ਚੱਲ ਰਹੇ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਵੱਲੋਂ ਮੰਗਲਵਾਰ ਸ਼ਾਮੀਂ ਬੱਸ ਅੱਡੇ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ, ਜਿਸ ਨਾਲ ਸਰਕਾਰੀ ਬੱਸਾਂ ਦੇ 500 ਤੋਂ ਵੱਧ ਕਾਊਂਟਰ ਟਾਈਮ ਮਿਸ ਹੋਏ ਅਤੇ ਮਹਿਕਮੇ ਨੂੰ ਲੱਖਾਂ ਰੁਪਏ ਦਾ ਟਰਾਂਜੈਕਸ਼ਨ ਲਾਸ ਝੱਲਣਾ ਪਿਆ। ਇਥੇ ਦੱਸਣਯੋਗ ਹੈ ਕਿ ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ।
ਯੂਨੀਅਨ ਵੱਲੋਂ ਸਵੇਰੇ ਪ੍ਰਦਰਸ਼ਨ ਸ਼ੁਰੂ ਕਰਕੇ ਬੱਸ ਅੱਡੇ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਗੇਟ ਬੰਦ ਕਰ ਦਿੱਤੇ ਗਏ, ਜਿਸ ਨਾਲ ਬੱਸਾਂ ਨੂੰ ਅੰਦਰ ਦਾਖ਼ਲਾ ਨਹੀਂ ਮਿਲ ਸਕਿਆ ਅਤੇ ਪਾਰਕਿੰਗ ਵਿਚ ਖੜ੍ਹੀਆਂ ਬੱਸਾਂ ਪ੍ਰਦਰਸ਼ਨ ਤੱਕ ਅੰਦਰ ਹੀ ਰਹੀਆਂ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪਈ। ਇਸ ਪ੍ਰਦਰਸ਼ਨ ਵਿਚ ਯੂਨੀਅਨ ਨਾਲ ਸਬੰਧਤ 6600 ਦੇ ਲਗਭਗ ਕੱਚੇ ਕਰਮਚਾਰੀਆਂ ਨੇ ਹਿੱਸਾ ਲੈ ਕੇ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਹਰ ਵਾਰ ਤਨਖ਼ਾਹ ਜਾਰੀ ਕਰਨ ਵਿਚ ਦੇਰੀ ਕੀਤੀ ਜਾਂਦੀ ਹੈ, ਜਿਸ ਕਾਰਨ ਉਹ ਆਪਣੇ ਬੱਚਿਆਂ ਦੀਆਂ ਫ਼ੀਸਾਂ ਅਤੇ ਘਰਾਂ ਨਾਲ ਸਬੰਧਤ ਬਿੱਲ ਆਦਿ ਸਮੇਂ ’ਤੇ ਅਦਾ ਨਹੀਂ ਕਰ ਪਾਉਂਦੇ।