ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਦਿੜ੍ਹਬਾ ਵਿਖੇ ਸੰਗਰੂਰ ਲੋਕ ਸਭਾ ਸੀਟ ‘ਤੇ ਹੋਣ ਜਾ ਰਹੀ ਚੋਣ ਲਈ ਅੱਜ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ‘ਚ ਰੋਡ ਸ਼ੋਅ ਕੱਢਿਆ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵੀ ਇਸ ਹਲਕੇ ਵਿਚ ਆਇਆ ਹਾਂ ਲੋਕਾਂ ਨੇ ਦੁੱਗਣਾ ਪਿਆਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਹੱਕ ‘ਚ ਹੀ ਫ਼ੈਸਲਾ ਲਿਆ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 3 ਮਹੀਨਿਆਂ ਦੇ ਕਾਰਜਕਾਲ ਨੂੰ ਦੇਖ ਕੇ ਵਿਰੋਧੀ ਧਿਰ ਬੌਖਲਾ ਗਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਲਗਾਤਾਰ ਇਕ ਗੱਲ ਬੋਲ ਰਹੇ ਹਨ ਕਿ ਮਾਨ ਤੋਂ ਸਰਕਾਰ ਨਹੀਂ ਚੱਲ ਰਹੀ ਅਤੇ ਸੂਬੇ ਲਈ ਮੁੱਖ ਮੰਤਰੀ ਮਾਨ ਕੁਝ ਨਹੀਂ ਕਰ ਰਿਹਾ। ਇਸ ‘ਤੇ ਮਾਨ ਨੇ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਨੇ ਦਿੱਲੀ ‘ਚ ਸਰਕਾਰ ਚਲਾਈ ਹੈ। ‘ਆਪ’ ਨੂੰ ਦਿੱਲੀ ‘ਚ 9 ਸਾਲ ਹੋ ਗਏ ਹਨ, ਇਸ ਲਈ ਸਾਡੀ ਪਾਰਟੀ ਨੂੰ ਸਰਕਾਰ ਚੰਗੀ ਤਰ੍ਹਾਂ ਚਲਾਉਣੀ ਆਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੁਣ ਤੱਕ ਕਈ ਭ੍ਰਿਸ਼ਟਾਚਾਰੀ ਅੰਦਰ ਕੀਤੇ ਜਾ ਚੁੱਕੇ ਹਨ ਅਤੇ ਕਈਆਂ ਨੂੰ ਅੰਦਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਥੋੜ੍ਹਾ ਸਮਾਂ ਚਾਹੀਦਾ ਹੈ ਅਤੇ ਮਾਨ ਸਰਕਾਰ ਪੰਜਾਬ ਲਈ ਬਹੁਤ ਕੁਝ ਕਰਨ ਵਾਲੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਜੋ ਗੈਂਗਸਟਰਾਂ ਦਾ ਬੋਲ-ਬਾਲਾ ਇਸ ਵੇਲੇ ਚੱਲ ਰਿਹਾ ਹੈ ਇਹ ਪੁਰਾਣੀਆਂ ਪਾਰਟੀਆਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਅਕਾਲੀ ਦਲ ਅਤੇ ਕਾਂਗਰਸ ਨੇ ਹੀ ਬਣਾਏ ਹਨ ਪਰ ਪੰਜਾਬ ‘ਚ ਇਨ੍ਹਾਂ ਦਾ ਸਫਾਇਆ ਮਾਨ ਸਰਕਾਰ ਕਰੇਗੀ।
ਇਸ ਤੋਂ ਇਲਾਨਾ ਮਾਨ ਨੇ ਸੁਖਬੀਰ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਘੇਰੇ ‘ਚ ਲਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ ਪਿਆਰ ਅਤੇ ਆਪਣੇ ਸਹਿਯੋਗ ਨਾਲ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਜੋ ਆਉਣ ਵਾਲੇ ਸਮੇਂ ‘ਚ ਉਹ ਵੀ ਪਾਰਲੀਮੈਂਟ ‘ਚ ਪੰਜਾਬ ਦੀ ਆਵਾਜ਼ ਨੂੰ ਕਾਇਮ ਕਰ ਸਕੇ।