ਸਿਰਸਾ, 11 ਜੂਨ- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਤਾਰ ਜੁੜਨ ਮਗਰੋਂ ਹੁਣ ਸਿਰਸਾ ਪੁਲਸ ਅਲਰਟ ਹੋ ਗਈ ਹੈ। ਸਿਰਸਾ ਦੇ ਐੱਸ. ਪੀ. ਡਾ. ਅਰਪਿਤ ਜੈਨ ਦਾ ਕਹਿਣਾ ਹੈ ਕਿ ਪੁਲਸ ਨੇ ਅਪਰਾਧਕ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਖ਼ਾਸ ਕਰ ਕੇ ਗੈਂਗਸਟਰਾਂ ਨਾਲ ਜੁੜੇ ਨੌਜਵਾਨਾਂ ’ਤੇ ਪੁਲਸ ਦੀ ਤਿੱਖੀ ਨਜ਼ਰ ਹੈ।
ਡਾ. ਅਰਪਿਤ ਜੈਨ ਨੇ ਕਿਹਾ ਕਿ ਸਿਰਸਾ ਪੁਲਸ ਨੇ ਜ਼ਿਲ੍ਹੇ ਦੇ 2900 ਲੋਕਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਦਾ ਅਪਰਾਧਕ ਰਿਕਾਰਡ ਹੈ। ਇਨ੍ਹਾਂ ਦੀ ਭੂਮਿਕਾ ਲੁੱਟ, ਡਕੈਤੀ, ਚੋਰੀ ਵਰਗੇ ਕਈ ਅਪਰਾਧਕ ਗਤੀਵਿਧੀਆਂ ’ਚ ਰਹੀ ਹੈ। ਹੁਣ ਇਨ੍ਹਾਂ ’ਤੇ ਪੁਲਸ ਦੀ ਨਜ਼ਰ ਹੈ। ਪੁਲਸ ਦੀ ਸਾਈਬਰ ਸੈੱਲ ਅਤੇ ਕੇਂਦਰੀ ਖੁਫੀਆ ਏਜੰਸੀ ਦੀ ਟੀਮ ਇਨ੍ਹਾਂ ਲੋਕਾਂ ’ਤੇ ਨਜ਼ਰ ਬਣਾਏ ਹੋਏ ਹਨ।ਅਰਪਿਤ ਜੈਨ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਖ਼ਾਸ ਕਰ ਕੇ ਵਟਸਐਪ ਦੀ ਸਮੇਂ ’ਤੇ ਚੈਕਿੰਗ ਕਰਦੇ ਰਹੋ। ਕਿਤੇ ਉਹ ਕਿਸੇ ਗੈਂਗਸ ਨਾਲ ਲਿੰਕ ’ਚ ਤਾਂ ਨਹੀਂ। ਕੋਈ ਗਲਤ ਗਤੀਵਿਧੀਆਂ ’ਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਤਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ’ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸੂਬਾ ਸਰਕਾਰ ਵੱਲੋਂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰਨ ਤੋਂ ਬਾਅਦ ਵਾਪਰੀ ਹੈ। ਹਮਲੇ ਵਿਚ ਮੂਸੇਵਾਲਾ ਦੇ ਦੋ ਦੋਸਤ ਵੀ ਜ਼ਖ਼ਮੀ ਹੋਏ ਹਨ, ਜੋ ਮੂਸੇਵਾਲਾ ਨਾਲ ਥਾਰ ਵਿਚ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਮੂਸੇਵਾਲਾ ਉਨ੍ਹਾਂ 424 ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਦੀ ਸੁਰੱਖਿਆ ਨੂੰ ਪੰਜਾਬ ਪੁਲਸ ਨੇ ਅਸਥਾਈ ਤੌਰ ‘ਤੇ ਹਟਾ ਦਿੱਤਾ ਜਾਂ ਘਟਾ ਦਿੱਤਾ ਸੀ। ਪੰਜਾਬ ਪੁਲਸ ਮੁਤਾਬਕ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਬਿਸ਼ਨੋਈ ਗੈਂਗ ਦੇ ਮੈਂਬਰ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।